ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਹਿੰਦੂ ਆਗੂਆਂ ਦੇ ਕਤਲ: ਯੂਕੇ `ਚ ਪੰਜਾਬੀਆਂ ਦੇ ਘਰਾਂ `ਤੇ ਛਾਪੇ

ਜਗਤਾਰ ਸਿੰਘ ਜੌਹਲ

ਬੀਤੇ ਦਿਨੀਂ ਇੰਗਲੈਂਡ (ਯੂਕੇ) ਦੇ ਮਿਡਲੈਂਡਜ਼ ਸ਼ਹਿਰ `ਚ ਪੁਲਿਸ ਦੀਆਂ ਦਹਿਸ਼ਤਗਰਦ-ਵਿਰੋਧੀ ਟੀਮਾਂ ਵੱਲੋਂ ਮਾਰੇ ਗਏ ਛਾਪਿਆਂ ਦਾ ਸਬੰਧ ਕਥਿਤ ਤੌਰ `ਤੇ ਪੰਜਾਬ `ਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫ਼ਤਾਰੀ ਨਾਲ ਜੋੜਿਆ ਜਾ ਰਿਹਾ ਹੈ। ਚਰਚਾ ਹੈ ਕਿ ਇਹ ਛਾਪੇ ਭਾਰਤ ਸਰਕਾਰ ਦੇ ਇਸ਼ਾਰੇ `ਤੇ ਮਾਰੇ ਗਏ ਸਨ। ਇਹ ਦਾਅਵਾ ‘ਸਿੱਖ ਫ਼ੈਡਰੇਸ਼ਨ (ਯੂਕੇ)` ਨਾਂਅ ਦੀ ਜੱਥੇਬੰਦੀ ਵੱਲੋਂ ਕੀਤਾ ਗਿਆ ਹੈ।


ਵੈਸਟ ਮਿਡਲੈਂਡਜ਼ ਤੇ ਲੈਸਟਰ `ਚ ਦਹਿਸ਼ਤਗਰਦੀ-ਵਿਰੋਧੀ ਇਕਾਈਆਂ ਵੱਲੋਂ ਮਾਰੇ ਗਏ ਛਾਪਿਆਂ ਦਾ ਸਬੰਧ ‘ਭਾਰਤ `ਚ ਹੋਈਆਂ ਕੁਝ ਅੱਤਵਾਦੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਜੁਰਮਾਂ` ਨਾਲ ਦੱਸਿਆ ਗਿਆ ਹੈ। ਇਸ ਮਾਮਲੇ `ਚ ਇੱਥੇ ਕੋਈ ਗ੍ਰਿਫ਼ਤਾਰੀ ਤਾਂ ਨਹੀਂ ਹੋਈ ਪਰ ਕੁਝ ਇਲੈਕਟ੍ਰੌਨਿਕ ਉਪਕਰਣ ਜ਼ਰੂਰ ਹਟਾਏ ਗਏ ਸਨ।


ਜਗਤਾਰ ਸਿੰਘ ਜੌਹਲ ਨੂੰ ਪਿਛਲੇ ਨਵੰਬਰ `ਚ ਆਰਐੱਸਐੱਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਇੰਗਲੈਂਡ `ਚ ਉਸ ਦੀ ਰਿਹਾਈ ਲਈ ਵੀ ਇੱਕ ਮੁਹਿੰਮ ਛੇਤੀ ਗਈ ਸੀ। ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਹਿਰਾਸਤ ਦੌਰਾਨ ਜੌਹਲ `ਤੇ ਕਥਿਤ ਤੌਰ `ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ।


ਮਿਡਲੈਂਡਜ਼ ਪੁਲਿਸ ਨੇ ਇਨ੍ਹਾਂ ਛਾਪਿਆਂ ਦੇ ਵੇਰਵੇ ਜੱਗ ਜ਼ਾਹਿਰ ਨਹੀਂ ਕੀਤੇ ਪਰ ‘ਸਿੱਖ ਫ਼ੈਡਰੇਸ਼ਨ (ਯੂਕੇ)` ਦਾ ਕਹਿਣਾ ਹੈ ਕਿ ਇਹ ਛਾਪੇ ਬਰਮਿੰਘਮ, ਕਾਵੈਂਟਰੀ, ਲੈਸਟਰ ਤੇ ਲੰਦਨ `ਚ ਰਹਿੰਦੇ ਛੇ ਸਿੱਖ ਕਾਰਕੁੰਨਾਂ ਦੀਆਂ ਰਿਹਾਇਸ਼ਗਾਹਾਂ `ਤੇ ਮਾਰੇ ਗਏ ਹਨ। ਇਹ ਸਾਰੇ ਜੌਹਲ ਦੀ ਰਿਹਾਈ ਦੀ ਮੁਹਿੰਮ ਨਾਲ ਸਬੰਧਤ ਰਹੇ ਹਨ।


ਇਸ ਜੱਥੇਬੰਦੀ ਨੇ ਆਪਣੇ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਹੈ ਕਿ - ‘70 ਦੇ ਲਗਭਗ ਪੁਲਿਸ ਅਧਿਕਾਰੀਆਂ ਨੇ 12 ਤੋਂ 36 ਘੰਟਿਆਂ ਤੱਕ ਛਾਪੇ ਮਾਰੇ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਸਿੱਖ ਕਾਰਕੁੰਨ ਹੀ ਨਹੀਂ ਸਨ, ਸਗੋਂ ਉਨ੍ਹਾਂ ਦੇ ਬਜ਼ੁਰਗ, ਅੰਗਹੀਣ ਮਾਪੇ ਤੇ ਨਿੱਕੇ ਬੱਚੇ ਵੀ ਸਨ। ਉਹ ਸਾਰੇ ਇਸ ਵੇਲੇ ਸਦਮੇ `ਚ ਹਨ। ਇਹ ਛਾਪੇ ਕਿਸੇ ਖ਼ੁਫ਼ੀਆ ਜਾਣਕਾਰੀ ਜਾਂ ਸਬੂਤ ਦੇ ਆਧਾਰ `ਤੇ ਨਹੀਂ ਮਾਰੇ ਗਏ; ਇਹ ਸਿਰਫ਼ ਭਾਰਤੀ ਅਧਿਕਾਰੀਆਂ ਨੂੰ ਇਹ ਵਿਖਾਉਣ ਲਈ ਮਾਰੇ ਗਏ ਕਿ ਇੰਗਲੈਂਡ ਸਿੱਖ ਕਾਰਕੁੰਨਾਂ ਖਿ਼ਲਾਫ਼ ਕਾਰਵਾਈ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੰੁਦਾ ਹੈ।`


ਲੇਬਰ ਪਾਰਟੀ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਜੋ ਬ੍ਰਿਟਿਸ਼ ਸਿੱਖਾਂ ਲਈ ਸਰਬ-ਪਾਰਟੀ ਸੰਸਦੀ ਸਮੂਹ ਦੇ ਚੇਅਰਪਰਸਨ ਵੀ ਹਨ, ਨੇ ਸ਼ੁੱਕਰਵਾਰ ਨੂੰ ਵੈਸਟ ਮਿਡਲੈਂਡਜ਼ ਦੀ ਦਹਿਸ਼ਤਗਰਦੀ-ਵਿਰੋਧੀ ਇਕਾਈ ਦੇ ਮੁਖੀ ਨਾਲ ਮੁਲਾਕਾਤ ਕੀਤੀ।


‘ਸਿੱਖ ਫ਼ੈਡਰੇਸ਼ਨ (ਯੂਕੇ)` ਦੇ ਭਾਈ ਅਮਰੀਕ ਸਿੰਘ ਨੇ ਕਿਹਾ: ‘ਸਾਨੂੰ ਪਤਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਬਹੁਤ ਭਾਰੀ ਤਕਨੀਕਾਂ ਦਾ ਇਸਤੇਮਾਲ ਕੀਤਾ ਤੇ ਕਈ ਬੁਨਿਆਦੀ ਗ਼ਲਤੀਆਂ ਕੀਤੀਆਂ। ਹੁਣ ਵਕੀਲਾਂ ਨੇ ਅਜਿਹੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਰਿਵਾਰਾਂ ਨਾਲ ਅਜਿਹਾ ਵਿਵਹਾਰ ਕੀਤਾ ਹੈ।`


ਇਸ ਦੌਰਾਨ ਪੰਜਾਬ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ `ਚ ਆਰਐੱਸਐੱਸ ਆਗੂ ਰੁਲਦਾ ਸਿੰਘ ਕਤਲ ਕੇਸ ਅਤੇ ਪਿੱਛੇ ਜਿਹੇ ਗਿਣੀ-ਮਿੱਥੀ ਸਾਜਿ਼ਸ਼ ਨਾਲ ਹੋਏ ਕਤਲਾਂ ਵਿੱਚ ਸ਼ਾਮਲ ਇੰਗਲੈਂਡ ਦੇ ਵਸਨੀਕ ਗੁਰਸ਼ਰਨਬੀਰ ਸਿੰਘ ਦੇ ਘਰ ਸਮੇਤ ਪੰਜ ਥਾਵਾਂ `ਤੇ ਛਾਪੇ ਮਾਰੇ ਗਏ ਹਨ।


ਇੱਕ ਅਧਿਕਾਰੀ ਨੇ ਦੱਸਿਆ,‘ਇਹ ਛਾਪੇ ਇੰਗਲੈਂਡ `ਤੇ ਭਾਰਤ ਦੇ ਕੂਟਨੀਤਕ ਦਬਾਅ ਕਾਰਨ ਮਾਰੇ ਗਏ ਸਨ। ਸੋਚੀਆਂ-ਸਮਝੀਆਂ ਸਾਜਿ਼ਸ਼ਾਂ ਰਾਹੀਂ ਹੋਏ ਕਤਲਾਂ ਵਿੱਚ ਗੁਰਸ਼ਰਨਬੀਰ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਗੁਰਸ਼ਰਨਬੀਰ ਨੇ ਦੁਬਈ ਦੀ ਇੱਕ ਸ਼ੂਟਿੰਗ ਰੇਂਜ ਵਿੱਚ ਕਾਤਲਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਸੀ। ਹੁਣ ਇਹ ਵੇਖਣਾ ਹੋਵੇਗਾ ਕਿ ਇੰਗਲੈਂਡ ਵੱਲੋਂ ਗੁਰਸ਼ਰਨਬੀਰ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ ਕਿ ਨਹੀਂ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murders of Hindu leaders in Punjab raids at UK Punjabis