ਨਾਭਾ ਦੇ ਵਿਦਿਆਰਥੀ ਵਿਸ਼ਾਲ ਸ਼ਰਮਾ ਦੀ ਕੈਨੇਡਾ ਦੇ ਮਹਾਂਨਗਰ ਟੋਰਾਂਟੋ `ਚ ਭੇਤ ਭਰੀ ਹਾਲਤ `ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਇੱਕ ਰੁੱਖ ਨਾਲ ਟੰਗੀ ਹੋਈ ਮਿਲੀ ਹੈ। ਲਾਸ਼ ਵੀ ਬਹੁਤ ਉੱਚੀ ਟੰਗੀ ਹੋਈ ਸੀ - ਪੁਲਿਸ ਵੀ ਹਾਲੇ ਤੱਕ ਇਹ ਫ਼ੈਸਲਾ ਨਹੀਂ ਕਰ ਸਕੀ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ। 21 ਸਾਲਾ ਵਿਸ਼ਾਲ ਹੋਟਲ-ਮੈਨੇਜਮੈਂਟ ਦਾ ਕੋਰਸ ਕਰਨ ਲਈ ਨਾਭਾ ਤੋਂ ਟੋਰਾਂਟੋ ਗਿਆ ਸੀ।
ਕੈਨੇਡਾ ਪੁਲਿਸ ਨੇ ਵਿਸ਼ਾਲ ਦੇ ਪਿਤਾ ਨਰੇਸ਼ ਸ਼ਰਮਾ ਨੂੰ ਦੱਸਿਆ ਕਿ ਉਹ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੇ ਹਨ ਤੇ ਤਿੰਨ ਦਿਨਾਂ ਦੇ ਅੰਦਰ ਸਾਰੇ ਮਾਮਲੇ ਦੀ ਪੁਣਛਾਣ ਦੇ ਨਤੀਜੇ ਫਿਰ ਪਰਿਵਾਰ ਨਾਲ ਸਾਂਝੇ ਕਰਨਗੇ। ਸ੍ਰੀ ਨਰੇਸ਼ ਸ਼ਰਮਾ ਪੰਜਾਬ ਦੇ ਸਿੱਖਿਆ ਵਿਭਾਗ `ਚ ਕਲਰਕ ਹਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ 8 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਪਰਿਵਾਰ ਨੂੰ ਲੱਗਦਾ ਹੈ ਕਿ ਵਿਸ਼ਾਲ ਦਾ ਕਤਲ ਹੋਇਆ ਹੈ। ਉਸ ਦੇ ਅੰਕਲ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਵਿਸ਼ਾਲ ਕੋਲ ਖ਼ੁਦਕੁਸ਼ੀ ਕਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਸੀ। ਵਿਸ਼ਾਲ ਉੱਥੇ ਡਾਢਾ ਖ਼ੁਸ਼ ਸੀ ਤੇ ਉਸ ਨੇ ਕਦੇ ਕਿਸੇ ਸਮੱਸਿਆ ਦਾ ਕੋਈ ਜਿ਼ਕਰ ਨਹੀਂ ਕੀਤਾ। ਉਹ ਪਰਿਵਾਰ ਨੂੰ ਮਿਲਣ ਅਤੇ ਰਿਸ਼ਤੇਦਾਰੀ ਵਿੱਚ ਇੱਕ ਵਿਆਹ-ਸਮਾਰੋਹ ਵਿੱਚ ਸ਼ਾਮਲ ਹੋਣ ਲਈ ਬੀਤੇ ਜੁਲਾਈ ਮਹੀਨੇ ਆਇਆ ਸੀ।
ਵਿਸ਼ਾਲ ਨੇ ਸਨਿੱਚਰਵਾਰ ਤੇ ਐਤਵਾਰ ਨੂੰ ਵੀ ਨਾਭਾ ਸਥਿਤ ਆਪਣੇ ਪਰਿਵਾਰ ਨਾਲ ਟੈਲੀਫ਼ੋਨ `ਤੇ ਗੱਲ ਕੀਤੀ ਸੀ। ਕੈਨੇਡਾ `ਚ ਵਿਸ਼ਾਲ ਨਾਭਾ ਦੇ ਆਪਣੇ ਕੁਝ ਦੋਸਤਾਂ ਨਾਲ ਇੱਕੋ ਅਪਾਰਟਮੈਂਟ `ਚ ਰਹਿ ਰਿਹਾ ਸੀ।