ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਆਨਾ ਗੁਰੂਘਰ 'ਚ ਝਗੜੇ ਦੇ ਦੋਸ਼ੀ ਨੂੰ ਚਾਰਜਸ਼ੀਟ ਨਾ ਕੀਤੇ ਜਾਣ ਕਾਰਨ ਰੋਸ

INDIANA sikh temple brawl

ਗ੍ਰੀਨਵੁੱਡ (ਇੰਡੀਆਨਾ, ਅਮਰੀਕਾ): ਅਮਰੀਕੀ ਸੂਬੇ ਇੰਡੀਆਨਾ ਦੇ ਸ਼ਹਿਰ ਗ੍ਰੀਨਵੁੱਡ ਦੇ ਗੁਰਦੁਆਰਾ ਸਾਹਿਬ ਵਿੱਚ ਬੀਤੀ 15 ਅਪ੍ਰੈਲ ਨੂੰ ਕਾਫ਼ੀ ਵੱਡਾ ਝਗੜਾ ਹੋਇਆ ਸੀ, ਜਿਸ ਦੀ ਵੱਡੇ ਪੱਧਰ 'ਤੇ ਚਰਚਾ ਹੋਈ ਸੀ ਪਰ ਹਾਲੇ ਤਕ ਉਦੋਂ ਹੰਗਾਮਾ ਖੜ੍ਹਾ ਕਰਨ ਵਾਲੇ ਲੋਕਾਂ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤੇ ਜਾ ਸਕੇ ਹਨ। ਉਦੋਂ 13 ਵਰ੍ਹਿਆਂ ਦੀ ਇਕ ਕੁੜੀ ਮਨਰੀਤ ਕੌਰ ਮਾਹਲ ਮਿਰਚਾਂ ਦੇ ਛਿੜਕਾਅ ਕਾਰਨ ਗੰਭੀਰ ਰੂਪ ਵਿੱਚ ਬੀਮਾਰ ਹੋ ਗਈ ਸੀ।

ਦਰਅਸਲ, ਉਦੋਂ ਇੱਕ ਵਿਅਕਤੀ ਨੇ ਕਈ ਜਣਿਆਂ 'ਤੇ ਪੀਸੀਆਂ ਮਿਰਚਾਂ ਭੁੱਕ ਦਿੱਤੀਆਂ ਸਨ ਤੇ ਮਨਰੀਤ ਕੌਰ ਮਾਹਲ ਵੀ ਉਸ ਹਮਲੇ ਦੀ ਲਪੇਟ ਵਿੱਚ ਆ ਗਈ ਸੀ ਤੇ ਉਸ ਦੇ ਸੁਰ-ਤੰਤੂ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। 'ਫ਼ੌਕਸ 59' ਡਾਟ ਕਾਮ ਦੀ ਰਿਪੋਰਟ ਅਨੁਸਾਰ ਮਾਹਲ ਪਰਿਵਾਰ ਇਸ ਵੇਲੇ ਡਾਢਾ ਖ਼ਫ਼ਾ ਹੈ ਕਿਉਂਕਿ ਹਾਲੇ ਤਕ ਮਿਰਚਾਂ ਦਾ ਛਿੜਕਾਅ ਕਰਨ ਵਾਲੇ ਵਿਅਕਤੀ ਨੂੰ ਚਾਰਜਸ਼ੀਟ ਨਹੀਂ ਕੀਤਾ ਗਿਆ। ਮਨਰੀਤ ਦੇ ਵੱਡੇ ਭਰਾ ਸੁਖਜਿੰਦਰ ਸਿੰਘ ਮਾਹਲ ਨੇ ਕਿਹਾ ਕਿ ਇੱਥੋਂ ਦੇ ਸਿਸਟਮ ਨੇ ਤਾਂ ਉਨ੍ਹਾਂ ਨੂੰ ਨਾਕਾਮ ਕਰ ਕੇ ਰੱਖ ਦਿੱਤਾ ਹੈ। 'ਕਾਨੂੰਨ ਵਿੱਚ ਸਾਡਾ ਅਥਾਹ ਵਿਸ਼ਵਾਸ ਹੈ ਤੇ ਸਾਨੂੰ ਲੱਗਦਾ ਸੀ ਕਿ ਦੋਸ਼ੀ ਨੂੰ ਜ਼ਰੂਰ ਸਜ਼ਾ ਮਿਲੇਗੀ।'

ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਘਰ ਦੀ ਲੜਾਈ ਨਾਲ ਸਬੰਧਤ ਮਾਮਲੇ ਵਿੱਚ ਚਾਰਜਸ਼ੀਟ ਸਿਰਫ਼ ਇਸ ਕਾਰਨ ਦਾਇਰ ਨਹੀਂ ਹੋ ਸਕੀ ਕਿਉਂਕਿ ਗ੍ਰੀਨਵੁੱਡ ਪੁਲਿਸ ਦੇ ਅਧਿਕਾਰੀਆਂ ਅਤੇ ਜੌਨਸਨ ਕਾਊਂਟੀ ਦੇ ਸਰਕਾਰੀ ਵਕੀਲ ਬ੍ਰੈਡ ਕੂਪਰ ਦੇ ਵਿਚਾਰ ਆਪਸ ਵਿੱਚ ਬਿਲਕੁਲ ਵੀ ਨਹੀਂ ਮਿਲਦੇ।

ਗ੍ਰੀਨਵੁੱਡ ਪੁਲਿਸ ਨੇ ਕਲੋਜ਼ ਸਰਕਟ ਕੈਮਰਿਆਂ ਵੱਲੋਂ ਰਿਕਾਰਡ ਕੀਤੀ ਵਿਡੀਓ ਦੇ ਆਧਾਰ 'ਤੇ ਚਾਰ ਸ਼ਰਾਰਤੀ ਅਨਸਰਾਂ ਦੀ ਸ਼ਨਾਖ਼ਤ ਕੀਤੀ ਸੀ। ਉਨ੍ਹਾਂ 'ਚੋਂ ਹੀ ਇੱਕ ਨੇ ਮਨਰੀਤ ਕੌਰ ਮਾਹਲ 'ਤੇ ਮਿਰਚਾਂ ਭੁੱਕੀਆਂ ਸਨ ਪਰ ਕੂਪਰ ਇਹ ਆਖ ਕੇ ਕਿਸੇ ਨੂੰ ਚਾਰਜਸ਼ੀਟ ਨਹੀਂ ਕਰਨਾ ਚਾਹੁੰਦੇ ਕਿ ਪਹਿਲਾਂ ਇਸ ਝਗੜੇ 'ਚ ਸ਼ਾਮਲ ਸਾਰੇ ਵਿਅਕਤੀਆਂ ਦੀ ਸ਼ਨਾਖ਼ਤ ਕਰਨੀ ਜ਼ਰੂਰੀ ਹੈ। ਉਦੋਂ ਝਗੜਾ ਸਿਰਫ਼ ਗੁਰੂਘਰ ਦੀ ਪ੍ਰਬੰਧਕੀ ਕਮੇਟੀ 'ਤੇ ਕਬਜ਼ੇ ਨੂੰ ਲੈ ਕੇ ਹੋਇਆ ਸੀ।
ਤਸਵੀਰ: 'ਇੰਡੀ ਸਟਾਰ' ਤੋਂ ਧੰਨਵਾਦ ਸਹਿਤ


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Charge-sheet in Greenwood Sikh Temple Brawl