ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ 20 ਸਾਲਾਂ ਪਿੱਛੋਂ ਵੀ ਪਤਨੀ ਨੂੰ ਕੈਨੇਡਾ ਨਹੀਂ ਸੱਦ ਸਕੇ ਸਰੀ ਦੇ ਪਰਮਜੀਤ ਸਿੰਘ

ਵਿਆਹ ਦੇ 20 ਸਾਲਾਂ ਪਿੱਛੋਂ ਵੀ ਪਤਨੀ ਨੂੰ ਕੈਨੇਡਾ ਨਹੀਂ ਸੱਦ ਸਕੇ ਸਰੀ ਦੇ ਪਰਮਜੀਤ ਸਿੰਘ

ਸ੍ਰੀ ਪਰਮਜੀਤ ਸਿੰਘ ਬਸੰਤੀ (68) ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ ਪਰ ਪਿਛਲੇ 20 ਸਾਲਾਂ ਦੌਰਾਨ ਉਹ ਸਿਰਫ਼ 18 ਮਹੀਨਿਆਂ ਲਈ ਹੀ ਇਕੱਠੇ ਰਹਿ ਸਕੇ ਹਨ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਹੇ ਸ੍ਰੀ ਪਰਮਜੀਤ ਸਿੰਘ ਨੇ ਕਈ ਵਾਰ ਆਪਣੀ ਪਤਨੀ ਚਰਨਜੀਤ ਕੁਲਾਰ (52) ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (PR) ਦਿਵਾਉਣ ਲਈ ਜਤਨ ਕੀਤੇ ਪਰ ਹਾਲੇ ਤੱਕ ਕਾਮਯਾਬੀ ਨਹੀਂ ਮਿਲ ਸਕੀ। ਕੈਨੇਡਾ ਦੇ ਸਰਕਾਰੀ ਟੀਵੀ ‘ਸੀਬੀਸੀ’ ਨੇ ਹੁਣ ਉਨ੍ਹਾਂ ਬਾਰੇ ਬਹੁਤ ਦਿਲਚਸਪ ਜਾਣਕਾਰੀ ਲਿਆਮ ਬ੍ਰਿਟਨ ਦੀ ਰਿਪੋਰਟ ਰਾਹੀਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀ ਹੈ।

 

 

ਸ੍ਰੀ ਪਰਮਜੀਤ ਸਿੰਘ ਦੱਸਦੇ ਹਨ ਰਾਤ ਨੂੰ ਉਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ ਤੇ ਅੱਖਾਂ ਭਰ ਆਉਂਦੀਆਂ ਹਨ। ਚਰਨਜੀਤ ਕੌਰ ਨਾਲ ਉਨ੍ਹਾਂ ਦਾ ਵਿਆਹ ਫ਼ਰਵਰੀ 1999 ’ਚ ਦੋਵੇਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਹੋਇਆ ਸੀ। ਤਦ ਤੋਂ ਉਹ ਪੰਜ ਵਾਰ ਉਨ੍ਹਾਂ ਨੂੰ ਸਪੌਂਸਰ ਕਰ ਕੇ ਕੈਨੇਡਾ ਲਿਆਉਣ ਦੇ ਜਤਨ ਕਰ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਰਹੀ ਹੈ।

ਪਰਮਜੀਤ ਸਿੰਘ ਤੇ ਚਰਨਜੀਤ ਕੌਰ ਦੀ ਵਿਆਹ ਵੇਲੇ ਦੀ ਤਸਵੀਰ

 

ਸ੍ਰੀ ਪਰਮਜੀਤ ਸਿੰਘ ਦੇ ਵਕੀਲ ਸ੍ਰੀ ਨਰਿੰਦਰ ਕੰਗ ਨੇ ਕਿਹਾ ਕਿ ਦਰਅਸਲ, ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੇ ਆਪਣਾ ਸਾਰਾ ਧਿਆਨ ਜਾਅਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲਿਆਂ ਨੂੰ ਵਰਜਣ ’ਤੇ ਕੇਂਦ੍ਰਿਤ ਕੀਤਾ ਹੋਇਆ ਹੈ।

 

 

ਇੰਝ ਹੀ ਚੰਡੀਗੜ੍ਹ ਦੇ ਜੰਮਪਲ਼ ਤੇ ਇਸ ਵੇਲੇ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਨਾਂਅ ਨਾਲ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਬੈਰਿਸਟਰ, ਸੌਲੀਸਿਟਰ ਐਂਡ ਨੋਟਰੀ ਪਬਲਿਕ ਅਵਨੀਸ਼ ਜੌਲੀ ਨੇ ਦੱਸਿਆ ਕਿ ਦਰਅਸਲ, ਬਹੁਤੇ ਪੰਜਾਬੀ ਆਪਣੇ ਇਮੀਗ੍ਰੇਸ਼ਨ ਫ਼ਾਰਮ ਕਿਸੇ ਤੋਂ ਭਰਵਾਉਂਦੇ ਹਨ ਤੇ ਭਰਵਾ ਕੇ ਉਸ ਦੇ ਵੇਰਵੇ ਖ਼ੁਦ ਚੈੱਕ ਨਹੀਂ ਕਰਦੇ। ਉਨ੍ਹਾਂ ਵਿੱਚ ਕਿਤੇ ਕੋਈ ਨਾ ਕੋਈ ਗ਼ਲਤੀ ਰਹਿ ਜਾਂਦੀ ਹੈ – ਜਿਸ ਕਾਰਨ ਪੰਜਾਬੀਆਂ ਦੀਆਂ ਜ਼ਿਆਦਾਤਰ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ। ਦਰਅਸਲ, ਕਤਾਰ ਵਿੱਚ ਹਜ਼ਾਰਾਂ ਨਹੀਂ, ਸਗੋਂ ਲੱਖਾਂ ਅਰਜ਼ੀਆਂ ਲੱਗੀਆਂ ਪਈਆਂ ਹੁੰਦੀਆਂ ਹਨ; ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਹਰੇਕ ਅਰਜ਼ੀ ਦੀ ਬਹੁਤ ਜ਼ਿਆਦਾ ਬਾਰੀਕੀ ਨਾਲ ਪੁਣਛਾਣ ਕਰਨ ਲਈ ਸਬੰਧਤ ਵਿਅਕਤੀ ਨੂੰ ਫ਼ੋਨ ਕਰ ਕੇ ਤੱਥਾਂ ਦੀ ਪੁਸ਼ਟੀ ਕਰਨ। ਇਸੇ ਲਈ ਜਦੋਂ ਕੋਈ ਤੱਥ ਆਪਸ ਵਿੱਚ ਨਹੀਂ ਮਿਲਦੇ, ਤਾਂ ਉਹ ਤੁਰੰਤ ਅਰਜ਼ੀ ਰੱਦ ਕਰ ਕੇ ਅਗਲੀ ਅਰਜ਼ੀ ਫੜ ਲੈਂਦੇ ਹਨ।

ਪਰਮਜੀਤ ਸਿੰਘ ਤੇ ਚਰਨਜੀਤ ਕੌਰ

 

ਸ੍ਰੀ ਪਰਮਜੀਤ ਸਿੰਘ 1994 ਤੋਂ ਸਰੀ ਵਿਖੇ ਰਹਿ ਰਹੇ ਹਨ। ਉਹ ਇੱਕ ਜੈਨਿਟਰ ਤੇ ਕਿਰਤੀ ਵਜੋਂ ਵਿਚਰਦੇ ਰਹੇ ਹਨ। ਸਰੀ ਦੇ ਬ੍ਰਿਜਵਿਊ ਇਲਾਕੇ ’ਚ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦੇ 8 ਹੋਰ ਮੈਂਬਰ ਰਹਿੰਦੇ ਹਨ। ਉਨ੍ਹਾਂ ਦੇ ਦੋ ਭਰਾ, ਇੱਕ ਭਰਜਾਈ, ਦੋ ਭਤੀਜੇ ਤੇ ਉਨ੍ਹਾਂ ਦੀਆਂ ਪਤਨੀਆਂ ਤੇ ਉਨ੍ਹਾਂ ਦੇ ਭਤੀਜੇ ਦੀ ਧੀ ਵੀ ਉਨ੍ਹਾਂ ਨਾਲ ਹੀ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਕੁਲਾਰ ਪੰਜਾਬ ਦੇ ਹੀ ਇੱਕ ਪਿੰਡ ਵਿੱਚ ਰਹਿ ਰਹੇ ਹਨ।

 

 

ਉਂਝ ਕੈਨੇਡਾ ਦੇ ਬਹੁਤੇ ਵਕੀਲ ਵੀ ਇਹੋ ਚਾਹੁੰਦੇ ਹਨ ਕਿ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਹੁਣ ਜਾਅਲੀ ਵਿਆਹਾਂ ਤੋਂ ਆਪਣਾ ਫ਼ੋਕਸ ਹਟਾਵੇ। ਦਰਅਸਲ, ਪਹਿਲਾਂ ਜਾਅਲੀ ਵਿਆਹ ਕਰਵਾ ਕੇ ਪਤਾ ਨਹੀਂ ਕਿੰਨੇ ਪੰਜਾਬੀ ਕੈਨੇਡਾ ’ਚ ਆ ਕੇ ਸੈਟਲ ਹੋ ਚੁੱਕੇ ਹਨ। ਉਨ੍ਹਾਂ ਸਾਰਿਆਂ ਨੇ ਹੀ ਹੁਣ ਅਗਲਿਆਂ ਦਾ ਵੀ ਅੱਗਾ ਮਾਰ ਛੱਡਿਆ ਹੈ।

ਪਰਮਜੀਤ ਸਿੰਘ ਤੇ ਚਰਨਜੀਤ ਕੌਰ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paramjit Singh can t sponsor his wife of 20 years marriage in Canada