ਯੂਨੀਵਰਸਿਟੀ ਆਫ਼ ਮਾਸਾਸ਼ੂਸੈਟਸ ਦੇ 24 ਸਾਲਾ ਗ੍ਰੈਜੂਏਟ ਵਿਦਿਆਰਥੀ ਜਸਕਰਨ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਰਤਾ ਪੱਛੜ ਕੇ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੇ ਸ਼ੁੱਕਰਵਾਰ ਨੌਰਥ ਪਲੈਜ਼ੈਂਟ ਸਟ੍ਰੀਟ ਉੱਤੇ ਵਾਪਰਿਆ; ਜਦੋਂ ਇੱਕ ਕਾਰ ਉਸ ਵਿੱਚ ਆ ਕੇ ਵੱਜੀ। ਇਹ ਘਟਨਾ ਰਾਤੀਂ 10:30 ਵਜੇ ਦੀ ਹੈ।
ਕਾਰ ਡਰਾਇਵਰ ਘਟਨਾ–ਸਥਾਨ ਤੋਂ ਨੱਸਿਆ ਨਹੀਂ, ਸਗੋਂ ਉਸ ਨੇ ਪੁਲਿਸ ਦਾ ਸਾਥ ਦਿੱਤਾ। ਯੂਨੀਵਰਸਿਟੀ ਕੈਂਪਸ ਨੂੰ ਵੀ ਇਸ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਮਾਸਲਾਈਵ ਡਾੱਟ ਕਾੱਮ ਦੀ ਰਿਪੋਰਟ ਅਨੁਸਾਰ ਵਿਦਿਆਰਥੀਆਂ ਦੇ ਡੀਨ ਕਾਰਾ ਐਪੇਲ–ਸਿਲਬੌਅ ਨੇ ਜਸਕਰਨ ਸਿੰਘ ਦੇ ਪਰਿਵਾਰ ਤੇ ਉਸ ਦੇ ਦੋਸਤਾਂ ਅਤੇ ਹੋਰ ਜਾਣਕਾਰਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਜਸਕਰਨ ਸਿੰਘ ਯੂਨੀਵਰਸਿਟੀ ਆਫ਼ ਮਾਸਾਸ਼ੂਸੈਟਸ ਵਿੱਚ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਸੀ ਤੇ ਭਾਰਤ ਤੋਂ ਆਪਣੀ ਉਚੇਰੀ ਸਿੱਖਿਆ ਲਈ ਇੱਥੇ ਆਇਆ ਸੀ। ਉਸ ਨਾਲ ਹਾਦਸਾ ਬੀਤੀ 12 ਅਪ੍ਰੈਲ ਦੀ ਰਾਤ ਨੂੰ ਵਾਪਰਿਆ ਸੀ।