ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ ਵਿੱਚ ਹੰਗਾਮਾ ਖੜ੍ਹਾ ਹੋ ਗਿਆ ਹੈ। ਸਾਊਥਾਲ ਦੇ ਹੈਵਲੌਕ ਮਾਰਗ ਉੱਤੇ ਸਥਿਤ ਇਸ ਗੁਰੂਘਰ ਦੇ ਮੁੱਖ ਦੁਆਰ ਦੇ (ਜੇ ਸਾਹਮਣਿਓਂ ਵੇਖੀਏ) ਖੱਬੇ ਪਾਸੇ ਪੰਜਵੇਂ ਸਿੱਖ ਗੁਰੂ ਸ੍ਰੀ ਅਰਜਨ ਦੇਵ ਜੀ ਦੀ ਵਿਸ਼ਾਲ ਤਸਵੀਰ ਹੈ ਤੇ ਸੱਜੇ ਪਾਸੇ ਸੰਤ ਜਰਨੈਲ ਸਿੰਘ ਦੀ ਓਨੀ ਹੀ ਵੱਡੀ ਤਸਵੀਰ ਲਾਈ ਗਈ ਹੈ। ਇਹ ਹੰਗਾਮਾ ਇਸ ਲਈ ਹੈ ਕਿ ਸੰਤ ਭਿੰਡਰਾਂਵਾਲੇ ਦੀ ਤਸਵੀਰ ਗੁਰੂ ਸਾਹਿਬ ਦੇ ਬਰਾਬਰ ਕਿਉਂ ਲਾਈ ਗਈ ਹੈ।
ਸੰਤ ਭਿੰਡਰਾਂਵਾਲੇ ਦੀ ਤਸਵੀਰ 20 ਫ਼ੁੱਟ ਉੱਚੀ ਤੇ 10 ਫ਼ੁੱਟ ਚੌੜੀ ਹੈ। ਦਰਅਸਲ, ਇਹ ਤਸਵੀਰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਲੂ–ਸਟਾਰ ਆਪਰੇਸ਼ਨ ਦੌਰਾਨ ਫ਼ੌਜੀ ਕਾਰਵਾਈ ’ਚ ਅਕਾਲ–ਚਲਾਣਾ ਕਰ ਗਏ ਸਿੰਘਾਂ ਅਤੇ ਸਿੰਘਣੀਆਂ ਦੀ 36ਵੀਂ ਬਰਸੀ ਮੌਕੇ ਖਾਸ ਤੌਰ ’ਤੇ ਲਾਈ ਗਈ ਹੈ।
ਇਸ ਗੁਰਦੁਆਰਾ ਸਾਹਿਬ ਦੇ ਬਾਹਰ ਤੁਸੀਂ ਅਕਸਰ ਖ਼ਾਲਿਸਤਾਨ ਦੇ ਲੋਗੋ ਵਾਲੀਆਂ ਟੀ–ਸ਼ਰਟਾਂ ਤੇ ਜੈਕੇਟਾਂ ਵਾਲੇ ਸ਼ਰਧਾਲੂਆਂ ਨੂੰ ਵੇਖਿਆ ਜਾ ਸਕਦਾ ਹੈ ਪਰ ਇਸ ਲੋਗੋ ਵਾਲੀਆਂ ਜੈਕੇਟਾਂ ਸਭ ਨੇ ਨਹੀਂ ਪਾਈਆਂ ਹੁੰਦੀਆਂ – ਅਜਿਹੇ ਲੋਕ ਥੋੜ੍ਹੇ ਹੀ ਹਨ।
ਖ਼ਾਲਿਸਤਾਨ ਦੀਆਂ ਜੈਕੇਟਾਂ ਤੇ ਟੀ–ਸ਼ਰਟਾਂ ਵਾਲੇ ਵਿਅਕਤੀਆਂ ਨੂੰ ਅੱਜ–ਕੱਲ੍ਹ ਅਕਸਰ ਕੋਵਿਡ–19 ਦੀ ਮਹਾਮਾਰੀ ਕਾਰਨ ਲੋੜਵੰਦਾਂ ਨੂੰ ਭੋਜਨ ਦੇ ਪੈਕੇਟ ਵੰਡਦਿਆਂ ਵੀ ਵੇਖਿਆ ਜਾ ਸਕਦਾ ਹੈ।
ਅਮਰੀਕਾ ਦੀ ਇੱਕ ਚੈਰਿਟੀ ਸੰਸਥਾ ‘ਪੰਜਾਬ ਫ਼ਾਊਂਡੇਸ਼ਨ’ ਦੇ ਸੀਈਓ ਸੁੱਖੀ ਚਾਹਲ ਨੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਦੀ ਤਸਵੀਰ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕਰਦਿਆਂ ਲਿਖਿਆ ਹੈ – ‘ਇੱਕ ਵਿਅਕਤੀ ਨੂੰ ਗੁਰੂ ਸਾਹਿਬ ਨਾਲ ਮੇਲਣਾ ਅਪਮਾਨਜਨਕ ਤੇ ਨਾਕਾਬਿਲੇ–ਮੁਆਫ਼ੀ ਹੈ। ਸਾਊਥਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੀਐੱਸ ਮੱਲ੍ਹੀ ਨੂੰ ਇਸ ਗੁਨਾਹ ਲਈ ਸਿੱਖ ਸੰਗਤ ਤੋਂ ਹਰ ਹਾਲਤ ਵਿੱਚ ਮਾਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਮੱਲ੍ਹੀ ਨੂੰ ਤੁਰੰਤ ਬਰਤਰਫ਼ ਕੀਤਾ ਜਾਵੇ ਤੇ ਉਸ ਪੋਸਟਰ ਨੂੰ ਹਟਾਇਆ ਜਾਵੇ।’
ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਲੌਰਡ ਰੈਮੀ ਰੇਂਜਰ ਨੇ ਕਿਹਾ ਹੈ ਕਿ – ‘ਭਿੰਡਰਾਂਵਾਲੇ ਨੂੰ ਪੰਜਵੇਂ ਗੁਰੂ ਸਾਹਿਬ ਦੇ ਸਮਾਨ ਦਰਸਾਉਣਾ ਅਪਮਾਨਜਨਕ ਹੈ। ਭਿੰਡਰਾਂਵਾਲੇ ਇੱਕ ਵਿਵਾਦਗ੍ਰਸਤ ਸ਼ਖ਼ਸੀਅਤ ਰਹੇ ਹਨ ਤੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਸਮਾਨ ਦਰਸਾਉਣਾ ਕਿਸੇ ਵੀ ਹਾਲਤ ’ਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’
ਇਸ ਦੌਰਾਨ ਸਾਊਥਾਲ ਸਥਿਤ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਹੁਰਾਂ ਕਿਹਾ ਕਿ – ‘ਸਾਡੇ ਦੋਵੇਂ ਗੁਰੂਘਰਾਂ ਵਿੱਚ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਾਲ 1984 ਤੋਂ ਹੀ ਲੱਗੀਆਂ ਹੋਈਆਂ ਹਨ। ਇਸ ਵਰ੍ਹੇ ਅਸੀਂ ਇੱਕ ਤਸਵੀਰ ਬਾਹਰ ਲਾ ਦਿੱਤੀ ਸੀ। ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ’ਚ ਇਵੇਂ ਹੀ ਕੀਤਾ ਜਾ ਰਿਹਾ ਹੈ। ਸਾਡੀ ਸਥਾਨਕ ਸਿੱਖ ਸੰਗਤ ’ਚੋਂ ਤਾਂ ਕਿਸੇ ਨੇ ਇਸ ਉੱਤੇ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਮੈਨੂੰ ਪਤਾ ਹੈ ਕਿ ਕਾਵੈਂਟਰੀ ਅਤੇ ਸਮੇਥਵਿਕ ਦੇ ਗੁਰੂਘਰਾਂ ਦੇ ਬਾਹਰ ਵੀ ਪਿਛਲੇ ਕਈ ਸਾਲਾਂ ਤੋਂ ਸੰਤ ਭਿੰਡਰਾਂਵਾਲੇ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸਗੋਂ ਸਥਾਨਕ ਸੰਗਤ ਦਾ ਵਿਚਾਰ ਤਾਂ ਇਹ ਹੈ ਕਿ ਇਹ ਤਸਵੀਰ ਤਾਂ ਕਈ ਸਾਲ ਪਹਿਲਾਂ ਬਾਹਰ ਲੱਗ ਜਾਣੀ ਚਾਹੀਦੀ ਸੀ। ਜਿੱਥੋਂ ਤੱਕ ਗੁਰੂ ਸਾਹਿਬ ਦੇ ਬਰਾਬਰ ਸੰਤਾਂ ਦੀ ਤਸਵੀਰ ਲਾਉਣ ਦਾ ਸੁਆਲ ਹੈ, ਅਸੀਂ ਤਸਵੀਰਾਂ ਨਹੀਂ ਪੂਜਦੇ। ਸੰਤ ਜੀ ਇੱਕ ਕਾਜ਼ ਲਈ ਲੜੇ ਸਨ ਤੇ ਉਹ ਸਾਡੇ ਸਭਨਾਂ ਦੇ ਦਿਲਾਂ ਵਿੱਚ ਸਦਾ ਵੱਸੇ ਰਹਿਣਗੇ।’