ਲਾਸ ਏਂਜਲਸ ਦਾ ਇੱਕ ਸਿੱਖ-ਅਮਰੀਕੀ ਜੋੜਾ ਇੱਕ ਫੂਡ ਟਰੱਕ ਚਲਾਉਂਦਾ ਹੈ ਅਤੇ ਸ਼ਹਿਰ ਦੇ ਬੇਘਰਿਆਂ ਨੂੰ ਭੋਜਨ ਦੇਣ ਲਈ ਰੋਜ਼ਾਨਾ 200 ਬੈਰਿਟੋਸ (ਇੱਕ ਕਿਸਮ ਦਾ ਮੈਕਸੀਕਨ ਭੋਜਨ) ਮੁਫ਼ਤ ਵੰਡਦਾ ਹੈ। ਵੀਰਵਾਰ (6 ਫਰਵਰੀ) 'ਦਿ ਅਮਰੀਕਨ ਬਾਜ਼ਾਰ' ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਵੀ ਸਿੰਘ ਅਤੇ ਉਸ ਦੀ ਪਤਨੀ ਜੈਕੀ ਦਾ ਫੂਡ ਟਰੱਕ, ਜਿਸ ਨੂੰ 'ਸ਼ੇਅਰ ਏ ਮੀਲ' ਕਿਹਾ ਜਾਂਦਾ ਹੈ। ਉਹ ਲਾਸ ਏਂਜਲਸ ਦੇ ਵੱਖ-ਵੱਖ ਥਾਵਾਂ ਉੱਤੇ ਜਾਂਦਾ ਹੈ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਸ਼ਾਕਾਹਾਰੀ ਬੈਰਿਟੋਸ ਅਤੇ ਪਾਣੀ ਵੰਡਦਾ ਹੈ।
ਸਿੰਘ ਨੇ ਦੱਸਿਆ ਕਿ ਹਰ ਸ਼ਾਮ ਵੱਖ-ਵੱਖ ਜਾਤੀਆਂ ਅਤੇ ਸੱਭਿਆਚਾਰ ਦੇ ਵਲੰਟੀਅਰਾਂ ਦਾ ਸਮੂਹ ‘ਸ਼ੇਅਰ ਏ ਮੀਲ’ ਦੀ ਕੇਂਦਰੀ ਕਮਿਊਨਿਟੀ ਰਸੋਈ ਵਿੱਚ ਚੌਲਾਂ ਅਤੇ ਬੀਨਜ਼ ਰੋਲ ਕਰਨ ਲਈ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫੂਡ ਟਰੱਕ ਸਾਡੀ ਮੋਬਾਈਲ ਰਸੋਈ ਹੈ, ਜੋ ਉਨ੍ਹਾਂ ਥਾਵਾਂ 'ਤੇ ਜਾਂਦੀ ਹੈ ਜਿਥੇ ਬੇਘਰੇ ਲੋਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ ਰਹਿੰਦੇ ਹਨ। ਭੋਜਨ ਦਾ ਟਰੱਕ ਇਕ ਨਿਸ਼ਚਤ ਸਮੇਂ ਉੱਤੇ ਪਹੁੰਚ ਜਾਂਦਾ ਹੈ।
ਵਲੰਟੀਅਰ ਇਨ੍ਹਾਂ ਸਥਾਨਾਂ 'ਤੇ ਮਿਲਦੇ ਹਨ ਅਤੇ ਸੇਵਾ ਦੇ ਪਹਿਲੇ ਘੰਟੇ ਵਿੱਚ ਬੈਰਿਟੋਜ ਨੂੰ ਰੋਲ ਕਰਨ ਵਿੱਚ ਸਹਾਇਤਾ ਕਰਦੇ ਹਨ। ਦੂਜੇ ਘੰਟੇ ਵਿੱਚ ਉਹ ਨਾ ਸਿਰਫ ਗਰਮ ਭੋਜਨ ਪਰੋਸਦੇ ਹਨ, ਬਲਕਿ ਪਾਣੀ ਵੀ ਦਿੰਦੇ ਹਨ। ਇਸ ਤੋਂ ਇਲਾਵਾ ਜੁਰਾਬਾਂ, ਕੰਬਲ ਅਤੇ ਹੋਰ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। 'ਸ਼ੇਅਰ ਏ ਮੀਲ' ਟਰੱਕ ਹਫ਼ਤੇ ਦੇ ਹਰ ਦਿਨ ਬੇਘਰੇ ਲੋਕਾਂ ਨੂੰ ਭੋਜਨ ਦੇਣ ਲਈ ਵੱਖ-ਵੱਖ ਥਾਵਾਂ 'ਤੇ ਜਾਂਦਾ ਹੈ।