- ਅਣਮਨੁੱਖੀ ਵਿਵਹਾਰ ਦੀ ਹੱਦ
- ਸਾਰੇ ਧਰਮਾਂ ਦੇ ਲੋਕ ਟਰੰਪ ਪ੍ਰਸ਼ਾਸਨ ਦੀ ਨੀਤੀ ਦੇ ਖਿ਼ਲਾਫ਼ ਇੱਕਜੁਟ ਹੋਣ ਲੱਗੇ
ਅਮਰੀਕਾ ਦੀ ਓਰੇਗੌਨ ਜੇਲ੍ਹ ਵਿੱਚ ਕੈਦ 52 ਗ਼ੈਰ-ਕਾਨੂੰਨੀ ਪਰਵਾਸੀਆਂ ਨਾਲ ਅਣਮਨੁੱਖੀ ਵਿਵਹਾਰ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਪੁਸ਼ਟੀ ਅਮਰੀਕੀ ਸੂਬੇ ਓਰੇਗੌਨ ਦੇ ਸ਼ਹਿਰ ਬੀਵਰਟਨ ਸਥਿਤ ‘ਸਿੱਖ ਸੈਂਟਰ ਆਫ਼ ਓਰੇਗੌਨ` ਦੇ ਗੁਰਪ੍ਰੀਤ ਕੌਰ ਨੇ ਕੀਤੀ ਹੈ। ‘ਵੀਕ` ਡਾੱਟ ਕਾੱਮ ਅਤੇ ਓਰੇਗੌਨ ਦੇ ਹੋਰ ਬਹੁਤ ਸਾਰੇ ਪੋਰਟਲਜ਼ ਵੱਲੋਂ ਪ੍ਰਕਾਸਿ਼ਤ ਇੱਕ ਖ਼ਬਰ ਅਨੁਸਾਰ ਬੀਬਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਪੰਜਾਬੀਆਂ ਨੂੰ ਸਥਾਨਕ ਧਾਰਮਿਕ ਆਗੂਆਂ ਤੇ ਹੋਰ ਸੰਗਠਨਾਂ ਨਾਲ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
‘ਇੰਟਰਫ਼ੇਥ ਮੂਵਮੈਂਟ ਫ਼ਾਰ ਇਮੀਗ੍ਰਾਂਟ ਜਸਟਿਸ` (ਪਰਵਾਸੀਆਂ ਵਾਸਤੇ ਇਨਸਾਫ਼ ਲਈ ਸਰਬ-ਧਰਮ ਮੁਹਿੰਮ) ਨਾਂਅ ਦੀ ਜੱਥੇਬੰਦੀ ਦੇ ਧਾਰਮਿਕ ਆਗੂਆਂ ਨੇ ਅਮਰੀਕੀ ਸੂਬੇ ਓਰੇਗੌਨ ਦੀ ਸ਼ੈਰਿਡਾਨ ਜੇਲ੍ਹ ਵਿੱਚ ਬੰਦ ਭਾਰਤੀ ਕੈਦੀਆਂ ਨਾਲ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪਰਵਾਸੀ ਤਾਂ ਪਹਿਲਾਂ ਹੀ ਆਪੋ-ਆਪਣੇ ਦੇਸ਼ ਵਿੱਚ ਦੁਖੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਥਾਨਕ ਕਾਰਨਾਂ ਕਰ ਕੇ ਤੰਗ ਕੀਤਾ ਜਾ ਰਿਹਾ ਹੁੰਦਾ ਹੈ। ਉਹ ਇੱਕ ਵੱਡੀ ਆਸ ਨਾਲ ਕਿਸੇ ਹੋਰ ਦੇਸ਼ `ਚ ਜਾਂਦੇ ਹਨ ਪਰ ਜੇ ਅੱਗਿਓਂ ਅਮਰੀਕਾ ਜਿਹੇ ਦੇਸ਼ ਵਿੱਚ ਅਜਿਹਾ ਸਲੂਕ ਹੋਵੇ, ਤਾਂ ਫਿਰ ਉਨ੍ਹਾਂ ਦੀ ਇਸ ਧਰਤੀ `ਤੇ ਹੋਰ ਕਿੱਥੇ ਢੋਈ ਹੋ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੈਰਿਡਾਨ ਜੇਲ੍ਹ ਵਿੱਚ ਕੈਦ ਛੇ ਵਿਅਕਤੀ ਆਪਣੇ ਪਰਿਵਾਰਾਂ ਤੋਂ ਵੱਖ ਹੋ ਚੁੱਕੇ ਹਨ ਅਤੇ ਅਜਿਹਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ਼ੈਰ-ਕਾਨੂੰਨੀ ਪਰਵਾਸੀਆਂ ਪ੍ਰਤੀ ਸਖ਼ਤੀ ਕਰਨ ਦੀ ਨੀਤੀ ਸਦਕਾ ਹੋ ਰਿਹਾ ਹੈ। ਅਜਿਹੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਹੱਕ ਵਿੱਚ ਖਲੋਣ ਵਾਲੇ ਕੁਝ ਸੰਗਠਨਾਂ ਦਾ ਦਾਅਵਾ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਸਿਰਫ਼ ਇਸ ਲਈ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਇੱਕ ਖ਼ਾਸ ਧਰਮ ਨਾਲ ਸਬੰਧਤ ਹਨ।
ਬੀਬਾ ਗੁਰਪ੍ਰੀਤ ਕੌਰ ਨੇ ਸਰਬ-ਧਰਮ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਰੇਗੌਨ ਦੀ ਕੇਂਦਰੀ ਜੇਲ੍ਹ ਵਿੱਚ ਧਾਰਮਿਕ ਆਗੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਇੰਝ ਕੈਦੀਆਂ ਨੂੰ ਧਾਰਮਿਕ ਤੇ ਸਭਿਆਚਾਰਕ ਪੱਖ ਤੋਂ ਵੱਡੀ ਮਦਦ ਮਿਲਦੀ ਹੈ।
ਇੱਥੇ ਵਰਨਣਯੋਗ ਹੈ ਕਿ ਸਥਾਨਕ ਧਾਰਮਿਕ ਆਗੂਆਂ ਨੇ ਸ਼ੈਰਿਡਾਨ ਜੇਲ੍ਹ ਵਿੱਚ ਬੰਦ ਭਾਰਤੀ ਕੈਦੀਆਂ ਨੂੰ ਮਿਲਣ ਲਈ ਇੱਕ ਵਾਰ ਫਿਰ 24 ਜੂਨ ਨੂੰ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਹੈ। ਉਨ੍ਹਾਂ ਨੂੰ ਆਸ ਹੈ ਕਿ ਇਸ ਵਾਰ ਉਨ੍ਹਾਂ ਨੂੰ ਅਜਿਹੀ ਇਜਾਜ਼ਤ ਜ਼ਰੂਰ ਮਿਲ ਜਾਵੇਗੀ।
ਯਹੂਦੀ ਧਾਰਮਿਕ ਆਗੂ ‘ਰੱਬੀ` ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਅਤੇ 250 ਹੋਰਨਾਂ ਨੇ ਇੱਕ ਚਿੱਠੀ ਸ਼ੈਰਿਡਾਨ ਜੇਲ੍ਹ ਦੇ ਪ੍ਰਬੰਧਕਾਂ ਦੇ ਨਾਂਅ ਲਿਖੀ ਹੈ ਕਿ ਪਰਵਾਸੀ ਕੈਦੀਆਂ ਨੂੰ ਘੱਟੋ-ਘੱਟ ਧਾਰਮਿਕ ਸੇਵਾਵਾਂ ਤੱਕ ਪਹੁੰਚ ਤਾਂ ਜ਼ਰੂਰ ਕਰ ਲੈਣ ਦਿੱਤੀ ਜਾਣੀ ਚਾਹੀਦੀ ਹੈ।
ਇਸ ਸਰਬ-ਧਰਮ ਸਮਾਰੋਹ ਨੂੰ ਹਿਲਸਬੋਰੋ ਸਥਿਤ ਲਾਸ ਨੈਕਿਨੋਜ਼ ਯੂਨਾਈਟਿਡ ਮੈਥੋਡਿਸਟ ਚਰਚ ਦੇ ਪਾਦਰੀ ਜਾਰਜ ਰੌਡ੍ਰਿਗਜ਼ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਇੱਕ ਅਨੁਵਾਦਕ ਦੀ ਮਦਦ ਨਾਲ ਸਪੇਨੀ ਭਾਸ਼ਾ ਵਿੱਚ ਬੋਲਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਨੀਤੀ ਕਾਰਨ ਇਕੱਲੇ ਮਈ ਮਹੀਨੇ ਦੌਰਾਨ 2,342 ਬੱਚੇ ਆਪਣੇ ਪਰਿਵਾਰਾਂ ਤੋਂ ਵਿੱਛੜ ਗਏ ਅਤੇ ਅਜਿਹੀ ਨੀਤੀ ਖ਼ਤਮ ਹੋਣੀ ਚਾਹੀਦੀ ਹੈ।
ਸੇਂਟ ਮਾਈਕਲ ਤੇ ਆਲ ਏਂਜਲਜ਼ ਐਪੀਸਕੋਪਲ ਚਰਚ ਦੇ ਕ੍ਰਿਸਟੋਫ਼ਰ ਕ੍ਰੌਨ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਹੋ ਜਿਹਾ ਵਿਵਹਾਰ ਇਸ ਵੇਲੇ ਅਮਰੀਕੀ ਜੇਲ੍ਹਾਂ ਵਿੱਚ ਪਰਵਾਸੀ ਕੈਦੀਆਂ ਨਾਲ ਹੋ ਰਿਹਾ ਹੈ, ਉਸ ਦੀ ਵਿਆਪਕ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।