ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁੱਖੀ ਬਾਠ ਪੰਜਾਬ ਦੇ 12,000 ਸਕੂਲਾਂ ਨੂੰ ਦੇਣਗੇ RO, ਕੂਲਰ, ਫ਼ਰਨੀਚਰ ਤੇ...

ਸੁੱਖੀ ਬਾਠ ਪੰਜਾਬ ਦੇ 12,000 ਸਕੂਲਾਂ ਨੂੰ ਦੇਣਗੇ RO, ਕੂਲਰ, ਫ਼ਰਨੀਚਰ ਤੇ...

ਸਮਾਜ-ਸੇਵਾ ਸੁੱਖੀ ਬਾਠ ਹੁਰਾਂ ਦਾ ਸ਼ੌਕ ਹੈ। ਉਨ੍ਹਾਂ ਦੀ ਸਦਾ ਇਹੋ ਕੋਸਿ਼ਸ਼ ਰਹਿੰਦੀ ਹੈ ਕਿ ਉਹ ਸੁੱਖ-ਸਹੂਲਤਾਂ ਤੋਂ ਹੁਣ ਤੱਕ ਵਾਂਝੇ ਰਹੇ ਲੋਕਾਂ ਦੇ ਚਿਹਰੇ `ਤੇ ਕਿਸੇ ਤਰ੍ਹਾਂ ਥੋੜ੍ਹੀ ਮੁਸਕਰਾਹਟ ਲਿਆ ਸਕਣ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ `ਚ ਉਨ੍ਹਾਂ ਦਾ ਆਪਣਾ ਆਟੋ-ਡੀਲਰਸਿ਼ਪ ਦਾ ਵਧੀਆ ਕਾਰੋਬਾਰ ਹੈ। ਸਰੀ `ਚ ਉਨ੍ਹਾਂ ਦਾ ਪੰਜਾਬ ਭਵਨ ਹੈ, ਜਿੱਥੇ ਆਮ ਤੌਰ `ਤੇ ਪੰਜਾਬੀ ਹੀ ਨਹੀਂ, ਫਿ਼ਲੀਪੀਨਜ਼ ਤੇ ਚੀਨ ਮੂਲ ਦੇ ਪ੍ਰਵਾਸੀ ਵੀ ਆਪਣੇ ਸਮਾਜਕ-ਸਭਿਆਚਾਰਕ ਸਮਾਰੋਹ ਕਰਵਾਉਂਦੇ ਹਨ।


ਸਰੀ ਦੇ ਪੰਜਾਬ ਭਵਨ `ਚ ਅਜਿਹੇ ਕਿਸੇ ਵੀ ਸਭਿਆਚਾਰਕ ਸਮਾਰੋਹ ਲਈ ਕੋਈ ਫ਼ੀਸ ਵਸੂਲ ਨਹੀਂ ਕੀਤੀ ਜਾਂਦੀ; ਸਗੋਂ ਮਹਿਮਾਨਾਂ ਨੂੰ ਗਰਮਾ-ਗਰਮ ਸਮੋਸੇ ਵਰਤਾ ਕੇ ਪ੍ਰਾਹੁਣਚਾਰੀ ਦਾ ਧਰਮ ਵੀ ਨਿਭਾਇਆ ਜਾਂਦਾ ਹੈ।


ਸੁੱਖੀ ਬਾਠ ਹੁਣ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਭਲਾਈ ਲਈ ਵੀ ਨਿੱਤਰਨ ਵਾਲੇ ਹਨ। ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਸੂਬੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਚੱਲ ਰਹੀ ਹੈ। ਉਹ ਪੰਜਾਬ ਦੇ ਸਕੂਲਾਂ `ਚ ਆਰਓ (RO), ਕੂਲਰ, ਆਡੀਓ-ਵਿਜ਼ੂਅਲ ਏਡਸ ਤੇ ਫ਼ਰਨੀਚਰ ਮੁਹੱਈਆ ਕਰਵਾਉਣਗੇ। ਇਹ ਸਭ ਕਿਸੇ ਇੱਕ-ਅੱਧ ਸਕੂਲ ਨੂੰ ਨਹੀਂ, ਸਗੋਂ ਅਗਲੇ ਤਿੰਨ ਵਰ੍ਹਿਆਂ `ਚ ਸਾਰੇ 12 ਹਜ਼ਾਰ ਸਕੂਲਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ।


ਸ੍ਰੀ ਬਾਠ ਨੇ ਦੱਸਿਆ,‘ਕ੍ਰਿਸ਼ਨ ਕੁਮਾਰ ਹੁਰਾਂ ਨੇ ਮੈਨੂੰ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਇੱਕ ਸੂਚੀ ਬਣਾ ਕੇ ਦੇਣਗੇ, ਜਿਹੜੀਆਂ ਸੂਬੇ ਦੇ ਸਕੂਲਾਂ ਨੂੰ ਲੋੜੀਂਦੀਆਂ ਹਨ। ਅਗਲੇ ਵਰ੍ਹੇ ਫ਼ਰਵਰੀ ਮਹੀਨੇ ਤੋਂ ਪੰਜਾਬ ਦੇ ਸਕੂਲਾਂ ਨੂੰ ਇਹ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।`


ਸ੍ਰੀ ਸੁੱਖੀ ਬਾਠ ਦੇ ਮਨ `ਚ ਸਕੂਲਾਂ ਦੀ ਮਦਦ ਕਰਨ ਦਾ ਵਿਚਾਰ ਉਦੋਂ ਆਇਆ, ਜਦੋਂ ਉਨ੍ਹਾਂ ਕੁਝ ਵਰ੍ਹੇ ਪਹਿਲਾਂ ਮਾਨਸਾ ਖ਼ੁਰਦ ਪਿੰਡ ਦੇ ਸਕੂਲ ਦੀ ਮਾੜੀ ਹਾਲਤ ਵੇਖੀ। ਉਨ੍ਹਾਂ ਦੱਸਿਆ ਕਿ ਉਸ ਸਕੂਲ ਕੋਲ ਆਪਣਾ ਸਿਰਫ਼ ਇੱਕ ਬੋਰਡ ਸੀ। ਵਿਦਿਆਰਥੀਆਂ ਦੇ ਬੈਠਣ ਲਈ ਕੋਈ ਟਾਟ ਜਾਂ ਚਟਾਈ ਤੱਕ ਨਹੀਂ ਸੀ।


ਸ੍ਰੀ ਸੁੱਖੀ ਬਾਠ ਦਾ ਮੰਨਣਾ ਹੈ ਕਿ ਹਰੇਕ ਬੱਚੇ ਨੂੰ ਸਾਫ਼ ਪਾਣੀ ਤੇ ਹਵਾ ਲੋੜੀਂਦੀ ਹੈ ਤੇ ਉਸ ਨੂੰ ਪੜ੍ਹਾਈ ਲਈ ਸਹੀ ਔਜ਼ਾਰ ਵੀ ਚਾਹੀਦੇ ਹਨ। ‘ਮੇਰੀ ਫ਼ਾਊਂਡੇਸ਼ਨ ਬੱਚਿਆਂ ਨੂੰ ਇਹ ਸਭ ਮੁਹੱਈਆ ਕਰਵਾਏਗੀ।`


ਇਸੇ ਮੰਤਵ ਲਈ ਸ੍ਰੀ ਸੁੱਖੀ ਬਾਠ ਜਲੰਧਰ `ਚ ਆਪਣਾ ਦਫ਼ਤਰ ਬਣਾ ਰਹੇ ਹਨ, ਜੋ ਸਕੂਲਾਂ ਨੂੰ ਇਹ ਸਾਰੀਆਂ ਸਹੂਲਤਾਂ ਦੇਵੇਗਾ ਤੇ ਅਗਲੇ ਵਰ੍ਹਿਆਂ ਦੌਰਾਨ ਉਨ੍ਹਾਂ ਵਸਤਾਂ ਦਾ ਰੱਖ-ਰਖਾਅ ਵੀ ਕਰੇਗਾ। ਸਕੂਲਾਂ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਉਹ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮਿਲ ਕੇ ਚੱਲ ਰਹੇ ਹਨ।


ਸ੍ਰੀ ਸੁੱਖੀ ਬਾਠ ਅੱਜ ਜੋ ਕੁਝ ਵੀ ਹਨ; ਉਹ ਸਿਰਫ਼ ਸਖ਼ਤ ਮਿਹਨਤ, ਈਮਾਨਦਾਰੀ ਤੇ ਦ੍ਰਿੜ੍ਹ ਇਰਾਦੇ ਕਾਰਨ ਹਨ। ਉਂਝ ਉਨ੍ਹਾਂ ਦਾ ਪਿਛੋਕੜ ਗ਼ਰੀਬ ਪਰਿਵਾਰ ਨਾਲ ਸਬੰਧਤ ਰਿਹਾ ਹੈ। ਉਹ ਜਲੰਧਰ ਲਾਗਲੇ ਪਿੰਡ ਪਤਾਰਾ ਦੇ ਜੰਮਪਲ਼ ਹਨ। ਉਹ ਕੁੱਲ 8 ਭੈਣ-ਭਰਾਵਾਂ `ਚੋਂ ਸਭ ਤੋਂ ਛੋਟੇ ਹਨ। ਉਹ ਤਦ 20 ਸਾਲਾਂ ਦੇ ਸਨ, ਜਦੋਂ 1978 `ਚ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਕੈਨੇਡਾ ਜਾ ਕੇ ਵੱਸ ਗਿਆ ਸੀ। ਉਸ ਤੋਂ ਤਿੰਨ ਸਾਲਾਂ ਬਾਅਦ ਹੀ ਉਹ ਇੱਕ ਆਟੋ ਏਜੰਸੀ `ਚ ਜਨਰਲ ਮੈਨੇਜਰ ਦੇ ਅਹੁਦੇ ਤੱਕ ਪੁੱਜ ਗਏ ਸਨ। ਉਸ ਖੇਤਰ ਵਿੱਚ ਤਦ ਤੱਕ ਕੋਈ ਵੀ ਗ਼ੈਰ-ਗੋਰਾ ਇਸ ਅਹੁਦੇ `ਤੇ ਨਹੀਂ ਪੁੱਜ ਸਕਿਆ ਸੀ।


1991 `ਚ ਉਨ੍ਹਾਂ ਨੌਕਰੀ ਛੱਡ ਕੇ ਆਪਣੀ ਖ਼ੁਦ ਦੀ ਆਟੋ ਡੀਲਰਸਿ਼ਪ ਸਥਾਪਤ ਕਰ ਲਈ ਸੀ। ਅੱਜ ਉਨ੍ਹਾਂ ਦੇ ਆਪਣੇ ਪੰਜ ਵੱਖੋ-ਵੱਖਰੇ ਕਾਰੋਬਾਰ ਹਨ ਤੇ 300 ਮੁਲਾਜ਼ਮ ਹਨ। ਉਨ੍ਹਾਂ ਨੇ 1996 `ਚ ਬਾਠ ਫ਼ਾਊਂਡੇਸ਼ਨ ਸਥਾਪਤ ਕਰ ਕੇ ਆਪਣਾ ਸਮਾਜ ਸੇਵਾ ਦਾ ਕਾਰਜ ਅਰੰਭ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਬੀਬੀ ਸੁਰਜੀਤ ਕੌਰ ਤੋਂ ਬਹੁਤ ਪ੍ਰਭਾਵਿਤ ਰਹੇ ਹਨ। ਉਨ੍ਹਾਂ ਬਹੁਤ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਸ ਤੋਂ ਚੋਖਾ ਮੁਨਾਫ਼ਾ ਕਮਾਇਆ ਸੀ।


ਜੇ ਸ੍ਰੀ ਸੁੱਖੀ ਬਾਠ ਦੇ ਭਲਾਈ ਦੇ ਕਾਰਜਾਂ ਦੀ ਗੱਲ ਕਰਨ ਲੱਗੀਏ, ਤਾਂ ਉਹ ਹੁਣ ਤੱਕ ਅੱਖਾਂ ਦੇ 90,000 ਆਪਰੇਸ਼ਨ ਮੁਫ਼ਤ ਕਰਵਾ ਚੁੱਕੇ ਹਨ।  386 ਲੋੜਵੰਦ ਕੁੜੀਆਂ ਦੇ ਉਨ੍ਹਾਂ ਵਿਆਹ ਕਰਵਾਏ ਹਨ। ਅਕਤੂਬਰ 2016 `ਚ ਕੈਨੇਡਾ ਦੇ ਸ਼ਹਿਰ ਸਰੀ `ਚ ਪੰਜਾਬੀ ਭਵਨ ਦੀ ਉਸਾਰੀ ਕਰਵਾਈ ਸੀ। ਉਸ ਭਵਨ `ਚ ਇੱਕ ਮਹੀਨੇ ਦੇ ਅੰਦਰ ਘੱਟੋ-ਘੱਟ ਔਸਤਨ 25 ਸਮਾਰੋਹ ਹੁੰਦੇ ਹਨ ਤੇ 4,000 ਦੇ ਲਗਭਗ ਵਿਅਕਤੀ ਉੱਥੇ ਪੁੱਜਦੇ ਹਨ ਤੇ ਅਜਿਹੀਆਂ ਸਹੂਲਤਾਂ ਲਈ ਉਹ ਇੱਕ ਧੇਲਾ ਵੀ ਵਸੂਲ ਨਹੀਂ ਕਰਦੇ।


ਕੈਨੇਡਾ `ਚ ਉਨ੍ਹਾਂ ਦੇ ਕੰਮਾਂ ਵਿੱਚ ਉਨ੍ਹਾਂ ਦੇ ਬੱਚੇ ਕਿਰਤਵੀਰ ਤੇ ਹਰਜੀਵਨ ਉਨ੍ਹਾਂ ਦਾ ਹੱਥ ਵੰਡਾਉਂਦੇ ਹਨ। ਹੁਣ ਉਹ ਵਿਦਿਆਰਥੀਆਂ ਨੂੰ ਉੱਚ-ਸਿੱਖਿਆ ਹਾਸਲ ਕਰਨ ਵਾਸਤੇ ਵੀ ਪ੍ਰੇਰਿਤ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਨਾਲ ਸਮਾਜ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਇਸ ਲਈ ਉਹ ਵੱਖੋ-ਵੱਖਰੀਆਂ ਯੂਨੀਵਰਸਿਟੀਜ਼ ਨਾਲ ਵੀ ਰਾਬਤਾ ਬਣਾ ਕੇ ਰੱਖਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhi Bath will provide RO Cooler Furniture to 12000 Schools