ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰੀ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਧੀ ਦੀ ਹੱਤਿਆ ਉਸ ਦੇ ਗੋਰੇ ਪਤੀ ਨੇ ਕੀਤੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਵਿਆਹੀ ਹੋਈ ਸੀ ਅਤੇ ਉਸ ਦੇ ਪਤੀ ਨੇ ਹੀ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ।
ਪ੍ਰਭਲੀਨ ਜਲੰਧਰ ਦੇ ਚਿੱਠੀ ਪਿੰਡ ਦੀ ਰਹਿਣ ਵਾਲੀ ਸੀ। ਉਹ ਤਿੰਨ ਸਾਲ ਦੇ ਸਟਡੀ ਵੀਜ਼ੇ 'ਤੇ ਕੈਨੇਡਾ ਗਈ ਸੀ। ਗੁਰਦਿਆਲ ਸਿੰਘ ਮੁਤਾਬਕ ਕੈਨੇਡਾ ਵਿਖੇ ਪ੍ਰਭਲੀਨ ਨੇ ਇਕ ਗੌਰੇ ਨੌਜਵਾਨ ਦੇ ਨਾਲ ਵਿਆਹ ਕਰਵਾ ਲਿਆ ਸੀ ਜੋ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ ਕਰੀਬ 18 ਸਾਲ ਸੀ ਜਿਸ ਕਰਕੇ ਦੋਹਾਂ ਨੇ ਬੀ.ਸੀ. ਦੀ ਬਜਾਏ ਅਲਬਰਟਾ ਜਾ ਕੇ ਕਾਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬੀ.ਸੀ. 'ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ। ਪੀਟਰ ਅਕਸਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਸੀ। ਪੀਟਰ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ।

ਜ਼ਿਕਰਯੋਗ ਹੈ ਕਿ ਪ੍ਰਭਲੀਨ ਦੇ ਕਤਲ ਵਾਲੇ ਦਿਨ ਘਰ 'ਚੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਮਿਲੀ ਸੀ ਜੋ ਕਿ ਉਸ ਦੇ ਪਤੀ ਪੀਟਰ ਦੀ ਸੀ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਪਿਸਤੌਲ ਪੀਟਰ ਨੇ ਉਸੇ ਦਿਨ ਖਰੀਦਿਆ ਸੀ ਅਤੇ ਇਸ ਦਾ ਲਾਈਸੈਂਸ ਉਸ ਕੋਲ ਪਹਿਲਾਂ ਹੀ ਸੀ। ਇਸ ਪਿਸਤੌਲ ਨਾਲ ਉਸ ਨੇ ਤਿੰਨ ਗੋਲ਼ੀਆਂ ਪ੍ਰਭਲੀਨ ਨੂੰ ਮਾਰੀਆਂ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਹਨ, ਜੋ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੋਰਟ ਮੈਰਿਜ ਦੀਆਂ ਤਸਵੀਰਾਂ ਸਮੇਤ ਘੁੰਮਣ ਜਾਂਦਿਆਂ ਦੀਆਂ ਵੀ ਤਸਵੀਰਾਂ ਸ਼ਾਮਲ ਹਨ।

ਗੁਰਦਿਆਲ ਨੇ ਦੱਸਿਆ ਕਿ ਪੀਟਰ ਅਤੇ ਪ੍ਰਭਲੀਨ ਦੋਵੇਂ ਤਿੰਨ ਸਾਲਾਂ ਤੋਂ ਜਾਣਦੇ ਸਨ। ਦੋਹਾਂ ਨੇ ਇਕੱਠੇ ਕੰਮ ਕੀਤਾ ਸੀ। ਫਰੈਂਡ ਸਰਕਲ 'ਚ ਪੰਜਾਬੀ ਵੀ ਜ਼ਿਆਦਾ ਸਨ ਅਤੇ ਪੰਜਾਬੀ 'ਚ ਹੀ ਉਹ ਅਕਸਰ ਗੱਲਬਾਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਜਨਵਰੀ 'ਚ ਭਾਰਤ ਆਉਣਾ ਸੀ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਗਰਾ ਵਿਖੇ ਤਾਜ ਮਹਿਲ ਦੇਖਣ ਜਾਣਾ ਸੀ। ਉਨ੍ਹਾਂ ਕਿਹਾ ਕਿ ਦੋਹਾਂ ਹੁਣ ਨਵਾਂ ਘਰ 'ਚ ਸ਼ਿਫਟ ਹੋਣਾ ਸੀ।
ਪਿਤਾ ਮੁਤਾਬਕ ਉਨ੍ਹਾਂ ਦੇ ਘਰ 14 ਸਾਲਾਂ ਬਾਅਦ ਧੀ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਧੀ ਲਾਸ਼ ਕੈਨੇਡਾ ਤੋਂ ਪੰਜਾਬ ਲਿਆਂਦੀ ਜਾਵੇਗੀ, ਜਿੱਥੇ ਉਸ ਦੀਆਂ ਅੰਤਿਮ ਰਸਮਾਂ ਅਦੀ ਕੀਤੀਆਂ ਜਾਣਗੀਆਂ। ਕੈਨੇਡਾ ਪੁਲਿਸ ਵੱਲੋਂ 11 ਦਸੰਬਰ ਤੱਕ ਪ੍ਰਭਲੀਨ ਦੀ ਲਾਸ਼ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।