ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਸਰੀ ਦਾ ਵਿਸਾਖੀ–2020 ਨਗਰ ਕੀਰਤਨ ਰੱਦ

ਕੋਰੋਨਾ ਵਾਇਰਸ ਕਾਰਨ ਸਰੀ ਦਾ ਵਿਸਾਖੀ–2020 ਨਗਰ ਕੀਰਤਨ ਰੱਦ

ਇਸ ਵਾਰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨਗਰ ਸਰੀ ’ਚ ਵਿਸਾਖੀ–2020 ਮੌਕੇ ਨਗਰ ਕੀਰਤਨ ਨਹੀਂ ਹੋਵੇਗਾ। ਇਸ ਨੂੰ ਕੋਰੋਨਾ ਵਾਇਰਸ ਦੇ ਡਰ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇੰਝ ਹੀ ਹੁਣ ਕੈਨੇਡਾ ਦੇ ਕੁਝ ਹੋਰ ਪ੍ਰਮੁੱਖ ਸ਼ਹਿਰਾਂ – ਵੈਨਕੂਵਰ, ਐਬਟਸਫ਼ੋਰਡ (ਬ੍ਰਿਟਿਸ਼ ਕੋਲੰਬੀਆ), ਮਿਸੀਸਾਗਾ (ਉਨਟਾਰੀਓ), ਕੈਲਗਰੀ, ਐਡਮਿੰਟਨ (ਅਲਬਰਟਾ) ਦੇ ਨਗਰ–ਕੀਰਤਨ ਵੀ ਰੱਦ ਹੋਣ ਦੀ ਸੰਭਾਵਨਾ ਬਣ ਗਈ ਹੈ।

 

 

ਜੇ ਕੈਨੇਡੀਅਨ ਸ਼ਹਿਰਾਂ 'ਚ ਨਗਰ ਕੀਰਤਨ ਕੋਰੋਨਾ ਵਾਇਰਸ ਕਾਰਨ ਰੱਦ ਹੋਏ, ਤਾਂ ਅਮਰੀਕਾ, ਇੰਗਲੈਂਡ, ਇਟਲੀ, ਜਰਮਨੀ, ਫ਼ਰਾਂਸ, ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਸਮੇਤ ਵਿਸ਼ਵ ਦੇ ਹੋਰ ਬਹੁਤ ਸਾਰੇ ਸਥਾਨਾਂ ਉੱਤੇ ਵੀ ਵਿਸਾਖੀ ਮੌਕੇ ਅਜਿਹੇ ਧਾਰਮਿਕ ਸਮਾਰੋਹ ਰੱਦ ਹੋ ਸਕਦੇ ਹਨ।

 

 

ਭਾਰਤੀ (ਚੜ੍ਹਦੇ) ਪੰਜਾਬ ਤੋਂ ਬਾਹਰ ਜੇ ਕਿਸੇ ਗੁਰਪੁਰਬ ਜਾਂ ਵਿਸਾਖੀ ਮੌਕੇ ਕੋਈ ਨਗਰ ਕੀਰਤਨ ਆਪਣੀ ਵਿਸ਼ਾਲਤਾ ਕਾਰਨ ਚਰਚਿਤ ਹੁੰਦਾ ਹੈ, ਤਾਂ ਉਹ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਹੈ। ਸਰੀ ਤੇ ਵੈਨਕੂਵਰ ਦੇ ਆਲੇ–ਦੁਆਲੇ ਸਥਿਤ ਕਈ ਪਿੰਡਾਂ ਤੇ ਸ਼ਹਿਰਾਂ ’ਚ ਪੰਜਾਬੀ ਵੱਡੀ ਗਿਣਤੀ ’ਚ ਵੱਸਦੇ ਹਨ ਤੇ ਇੱਥੇ ਨਗਰ–ਕੀਰਤਨ ਦੀ ਸ਼ਾਨੋ–ਸ਼ੌਕਤ ਹਰ ਸਾਲ ਵੇਖਣ ਵਾਲੀ ਹੁੰਦੀ ਹੈ। ਉਂਝ ਕੈਨੇਡੀਅਨ ਸਭਿਆਚਾਰ ਮੁਤਾਬਕ ਇਸ ਨੂੰ ‘ਸਿੱਖ–ਪਰੇਡ’ ਦਾ ਨਾਂਅ ਦਿੱਤਾ ਜਾਂਦਾ ਹੈ।

 

 

ਇਸ ਵਾਰ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਫੈਲਿਆ ਹੋਇਆ ਹੈ। ਇਸ ਵਾਇਰਸ ਕਾਰਨ ਕੈਨੇਡਾ ’ਚ 100 ਤੋਂ ਵੱਧ ਵਿਅਕਤੀ ਪ੍ਰਭਾਵਿਤ ਹਨ ਤੇ ਬ੍ਰਿਟਿਸ਼ ਕੋਲੰਬੀਆ ’ਚ ਹੀ ਇਸ ਕਾਰਨ ਇੱਕ ਮੌਤ ਵੀ ਹੋ ਚੁੱਕੀ ਹੈ। ਹੋਰ ਤਾਂ ਹੋਰ ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਉਂਝ ਭਾਵੇਂ ਉਨ੍ਹਾਂ ਦੀ ਹਾਲਤ ਬਿਲਕੁਲ ਠੀਕਠਾਕ ਹੈ।

 

 

ਸਮੁੱਚੇ ਵਿਸ਼ਵ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ 5,000 ਤੋਂ ਵੱਧ ਜਾਨਾਂ ਲੈ ਲਈਆਂ ਹਨ। ਅਜਿਹੇ ਹਾਲਾਤ ’ਚ ਪਿਛਲੇ ਕੁਝ ਦਿਨਾਂ ਤੋਂ ਇਹ ਵੱਡਾ ਸੁਆਲ ਕੀਤਾ ਜਾ ਰਿਹਾ ਸੀ ਕਿ ਕੀ ਸਰੀ ਦਾ ਨਗਰ ਕੀਰਤਨ ਹੋਵੇਗਾ ਜਾਂ ਨਹੀਂ। ਵੈਨਕੂਵਰ ਦੇ ਨਗਰ ਕੀਰਤਨ ’ਚ ਵੀ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਐਬਟਸਫ਼ੋਰਡ ਦਾ ਨਗਰ ਕੀਰਤਨ ਵੀ ਕਾਫ਼ੀ ਚਰਚਿਤ ਰਹਿੰਦਾ ਹੈ।

 

 

ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਹੀ ਵੱਡੇ–ਛੋਟੇ ਸਰਕਾਰੀ ਤੇ ਗ਼ੈਰ–ਸਰਕਾਰੀ ਸਮਾਰੋਹ ਕੋਰੋਨਾ ਵਾਇਰਸ ਕਾਰਨ ਮੁਲਤਵੀ ਜਾਂ ਰੱਦ ਕਰਨੇ ਪੈ ਰਹੇ ਹਨ। ਇਸ ਲਈ ਅਗਲੇ ਮਹੀਨੇ 13 ਅਪ੍ਰੈਲ ਨੂੰ ਵਿਸਾਖੀ ਮੌਕੇ ਹੋਣ ਵਾਲੇ ਨਗਰ–ਕੀਰਤਨ ਉੱਤੇ ਵੀ ਸੁਆਲ ਖੜ੍ਹੇ ਹੋਣੇ ਸੁਭਾਵਕ ਸਨ। ਐਤਕੀਂ ਸਰੀ ਦਾ ਨਗਰ ਕੀਰਤਨ ਸਨਿੱਚਰਵਾਰ 25 ਅਪ੍ਰੈਲ ਨੂੰ ਹੋਣਾ ਤੈਅ ਸੀ।

 

 

ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀ ਬੌਨੀ ਹੈਨਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸੂਬੇ ਦੇ ਵੱਡੇ ਤੇ ਛੋਟੇ ਸਾਰੇ ਈਵੈਂਟਸ ਬਾਰੇ ਕਈ ਤਰ੍ਹਾਂ ਦੇ ਸੁਆਲ ਪੁੱਜ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਈਵੈਂਟਸ ਵਿਵਹਾਰਕ ਹੋਣਗੇ ਤਾਂ ਉਹ ਜ਼ਰੂਰ ਹੋਣਗੇ।

 

 

ਉਨ੍ਹਾਂ ਕਿਹਾ ਕਿ ਈਵੈਂਟਸ ਦੇ ਪ੍ਰਬੰਧਕ ਵੀ ਕੋਰੋਨਾ ਵਾਇਰਸ ਦੀ ਛੂਤ ਫੈਲਣ ਤੋਂ ਰੋਕਣ ਲਈ ਆਪਣੇ ਪੱਧਰ ’ਤੇ ਉਪਰਾਲੇ ਕਰ ਸਕਦੇ ਹਨ।

 

 

ਹਰ ਸਾਲ ਵਾਂਗ ਐਤਕੀਂ ਵੀ ਸਰੀ ਦੇ ਨਗਰ ਕੀਰਤਨ–2020 ਦਾ ਪ੍ਰੋਗਰਾਮ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਰੱਖਿਆ ਗਿਆ ਸੀ। ਇੱਥੇ ਹਰ ਸਾਲ ਵਾਂਗ ਐਤਕੀਂ ਵੀ 5 ਲੱਖ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surrey s Vaisakhi 2020 Nagar Kirtan cancelled due to Corona Virus