ਹੁਣ ਤੱਕ ਦੋ ਵਿਸ਼ਵ–ਯੁੱਧ ਹੋ ਚੁੱਕੇ ਹਨ ਤੇ ਉਨ੍ਹਾਂ ਦੋਵੇਂ ਜੰਗਾਂ ’ਚ ਸਿੱਖ ਫ਼ੌਜੀ ਜਵਾਨਾਂ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਉਨ੍ਹਾਂ ਦੀਆਂ ਅਣਗਿਣਤ ਸ਼ਹਾਦਤਾਂ ਨੂੰ ਹੁਣ ਇੰਗਲੈਂਡ (UK) ਨੇ ਸਲਾਮ ਕੀਤਾ ਹੈ ਤੇ ਇੱਕ ਸਿੱਖ ਫ਼ੌਜੀ ਜਵਾਨ ਦਾ ਆਦਮ–ਕੱਦ ਬੁੱਤ ਹਡਰਜ਼ਫ਼ੀਲਡ ਦੇ ਸ਼ਹਿਰ ਯਾਰਕਸ਼ਾਇਰ ਵਿਖੇ ਸਥਾਪਤ ਕੀਤਾ ਗਿਆ ਹੈ। ਸਥਾਨਕ ਮੀਡੀਆ ਇਸ ਬੁੱਤ ਨੂੰ ‘ਵਾਇਬ੍ਰੈਂਟ’ ਭਾਵ ‘ਗੁੰਜਾਇਮਾਨ’ ਕਰਾਰ ਦੇ ਰਿਹਾ ਹੈ।
ਗ੍ਰੀਨਹੈੱਡ ਪਾਰਕ ਵਿੱਚ ਸਥਿਤ ਇਹ ਸਮਾਰਕ ਅਸਲ ’ਚ ‘ਸਿੱਖ ਸੋਲਜਰ ਆਰਗੇਨਾਇਜ਼ੇਸ਼ਨ’ (SSO) ਦੇ ਪ੍ਰੋਜੈਕਟ ਦਾ ਸਿਖ਼ਰ ਹੈ। ਇਸੇ ਜੱਥੇਬੰਦੀ ਨੇ ਦਾਨ ਦੀਆਂ ਰਕਮਾਂ ਇਕੱਠੀਆਂ ਕੀਤੀਆਂ ਹਨ ਤੇ ਛੇ ਫ਼ੁੱਟ ਉੱਚਾ ਕਾਂਸੇ ਦਾ ਇਹ ਬੁੱਤ ਬਣਵਾਇਆ ਹੈ; ਜਿਸ ਉੱਤੇ 65,000 ਪੌਂਡ (ਲਗਭਗ 60 ਲੱਖ ਭਾਰਤੀ ਰੁਪਏ) ਖ਼ਰਚ ਹੋਏ ਹਨ।
ਬਹੁਤ ਸਾਰੀਆਂ ਸਥਾਨਕ ਇਕਾਈਆਂ ਨੇ ਇਸ ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਪਾਇਆ ਹੈ। SSO ਚੇਅਰਮੈਨ ਕੁਲਵਿੰਦਰ ਸਿੰਘ ਭੁੱਲਰ ਨੇ ਇਸ ਨੂੰ ਕਲਾ ਦਾ ਇੱਕ ਅਥਾਹ ਨਮੂਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਬੁੱਤ ਲਾਉਣ ਲਈ ਯਾਰਕਸ਼ਾਇਰ ਸ਼ਹਿਰ ਦੀ ਚੋਣ ਕੀਤੀ ਗਈ ਹੈ।
SSO ਮੁਤਾਬਕ ਦੋ ਵਿਸ਼ਵ–ਯੁੱਧਾਂ ਵਿੱਚ 83,005 ਸਿੱਖ ਜਵਾਨਾਂ ਨੇ ਸ਼ਹਾਦਤਾਂ ਪਾਈਆਂ ਸਨ; ਇਹ ਅਨੁਮਾਨ ਸੱਚਾਈ ਦੇ ਬਹੁਤ ਨੇੜੇ ਸਮਝਿਆ ਜਾਂਦਾ ਹੈ।
ਲੰਦਨ ਦੇ ਮੇਅਰ ਸਾਦਿਕ ਖ਼ਾਨ ਨੇ ਵੀ ਆਪਣੇ ਸ਼ਹਿਰ ਵਿੱਚ ਸਿੱਖ ਫ਼ੌਜੀ ਜਵਾਨਾਂ ਦੀ ਬਿਲਕੁਲ ਅਜਿਹੀ ਇੱਕ ਯਾਦਗਾਰ ਸਥਾਪਤ ਕਰਵਾਈ ਹੈ। ਸਾਲ 2015 ਦੌਰਾਨ ਸਟੈਫ਼ੋਰਡਸ਼ਾਇਰ ਵਿਖੇ ਵੀ ਨੈਸ਼ਨਲ ਮੈਮੋਰੀਅਲ ਆਰਬੋਰੇਟਮ ਵਿਖੇ ਸਿੱਖ ਫ਼ੌਜੀ ਜਵਾਨਾਂ ਦੀ ਇੱਕ ਯਾਦਗਾਰ ਦੀ ਉਸਾਰੀ ਕੀਤੀ ਗਈ ਸੀ।