ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਫ਼ੌਜੀ ਇੱਕ ਸਿੱਖ `ਤੇ ਹਿੰਸਕ ਨਸਲੀ ਹਮਲੇ ਦਾ ਦੋਸ਼ੀ ਕਰਾਰ

ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ ਡੀਸੀ ਦਾ ਪ੍ਰਸਿੱਧ ਡਿਊਪੌਂਟ ਚੌਕ, ਜਿੱਥੇ ਮਹਿਤਾਬ ਸਿੰਘ ਬਖ਼ਸ਼ੀ `ਤੇ 21 ਅਗਸਤ, 2016

ਅਮਰੀਕਾ ਦੀ ਇੱਕ ਅਦਾਲਤ ਨੇ ਹਵਾਈ ਫ਼ੌਜ ਦੇ ਇੱਕ ਅਧਿਕਾਰੀ ਨੂੰ ਦੋ ਵਰ੍ਹੇ ਪਹਿਲਾਂ ਇੱਕ ਸਿੱਖ ਵਿਅਕਤੀ `ਤੇ ਨਸਲੀ ਨਫ਼ਰਤ ਭਰਿਆ ਹਿੰਸਕ ਹਮਲਾ ਕਰਨ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ ਡੀਸੀ ਸਥਿਤ ਪ੍ਰਸਿੱਧ ਡਿਊਪੌਂਟ ਚੌਕ `ਚ ਜਦੋਂ ਮਹਿਤਾਬ ਸਿੰਘ ਬਖ਼ਸ਼ੀ ਆਪਣੇ ਦੋਸਤਾਂ ਨਾਲ ਖੜ੍ਹੇ ਗੱਲਾਂ ਕਰ ਰਹੇ ਸਨ, ਤਦ ਟੈਕਸਾਸ ਸੂਬੇ ਦਾ ਨਿਵਾਸੀ ਫ਼ੌਜੀ ਡਾਇਲਾਨ ਮਿਲਹੌਜ਼ਨ ਪਿੱਛਿਓਂ ਆਇਆ ਤੇ ਉਸ ਨੇ ਸ੍ਰੀ ਬਖ਼ਸ਼ੀ ਦੀ ਦਸਤਾਰ ਖਿੱਚ ਕੇ ਪਰ੍ਹਾਂ ਸੁੱਟ ਦਿੱਤੀ ਤੇ ਉਨ੍ਹਾਂ ਦੇ ਮੂੰਹ `ਤੇ ਤਦ ਤੱਕ ਘਸੁੰਨ ਮਾਰਦਾ ਰਿਹਾ, ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਏ।


ਅਦਾਲਤੀ ਜਿਊਰੀ ਨੇ ‘‘ਮਿਲਹੌਜ਼ਨ ਨੂੰ ਨਸਲੀ ਨਫ਼ਰਤ ਦਾ ਦੋਸ਼ੀ ਪਾਇਆ, ਜਿਸ ਨੇ ਸ੍ਰੀ ਬਖ਼ਸ਼ੀ `ਤੇ ਉਨ੍ਹਾਂ ਦੇ ਧਾਰਮਿਕ ਤੇ ਰਾਸ਼ਟਰੀ ਆਧਾਰ `ਤੇ ਹਮਲਾ ਕੀਤਾ ਸੀ।``


ਸਪੱਸ਼ਟ ਹੈ ਕਿ ਸ੍ਰੀ ਮਹਿਤਾਬ ਸਿੰਘ ਬਖ਼ਸ਼ੀ `ਤੇ ਹਮਲਾ ਸਿਰਫ਼ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਹ ਦਸਤਾਰ ਸਜਾਉਂਦੇ ਹਨ ਤੇ ਜਿਸ ਕਾਰਨ ਉਨ੍ਹਾਂ ਦੀ ਵੱਖਰੀ ਪਛਾਣ ਹੈ। ਉਸੇ ਪਛਾਣ ਕਾਰਨ ਉਨ੍ਹਾਂ `ਤੇ ਹਮਲਾ ਕੀਤਾ ਗਿਆ।


ਅਮਰੀਕਾ `ਚ ਅਜਿਹੀ ਨਸਲੀ ਨਫ਼ਰਤ ਭਰਪੂਰ ਹਿੰਸਾ ਲਈ ਵੱਧ ਤੋਂ ਵੱਧ 15 ਵਰ੍ਹੇ ਕੈਦ ਦੀ ਵਿਵਸਥਾ ਹੈ। ਅਦਾਲਤ ਨੇ ਇਸ ਮਾਮਲੇ `ਚ ਮਿਲਹੌਜ਼ਨ ਨੂੰ ਆਉਂਦੀ 30 ਨਵੰਬਰ ਨੂੰ ਸਜ਼ਾ ਸੁਣਾਉਣੀ ਹੈ।


ਜਦੋਂ ਸ੍ਰੀ ਮਹਿਤਾਬ ਸਿੰਘ ਬਖ਼ਸ਼ੀ ਨਾਲ 21 ਅਗਸਤ, 2016 ਨੂੰ ਨਸਲੀ ਕੁੱਟਮਾਰ ਤੋਂ ਬਾਅਦ ਮਿਲਹੌਜ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਤਦ ਉਸ ਨੇ ਇਹੋ ਆਖਿਆ ਸੀ ਕਿ ਉਸ ਨੇ ਸ੍ਰੀ ਬਖ਼ਸ਼ੀ ਨੂੰ ਕੋਈ ‘ਇਸਲਾਮਿਕ ਅੱਤਵਾਦੀ` ਸਮਝਿਆ ਸੀ, ਜਿਸ ਦੇ ਸਾਥੀਆਂ ਨੇ 2001 `ਚ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ਤੇ ਅਮਰੀਕਾ ਦੇ ਕੁਝ ਹੋਰ ਪ੍ਰਮੁੱਖ ਸ਼ਹਿਰਾਂ `ਤੇ ਅੱਤਵਾਦੀ ਹਮਲੇ ਕੀਤੇ ਸਨ।


ਮਿਲਹੌਜ਼ਨ ਇਸ ਵੇਲੇ ਫ਼ੋਰਟ ਮੀਡੇ ਵਿਖੇ ਪਹਿਲੇ ਦਰਜੇ ਦੇ ਏਅਰਮੈਨ ਵਜੋਂ ਨਿਯੁਕਤ ਹੈ। ਉਂਝ ਉਸ ਨੇ ਅਦਾਲਤੀ ਸੁਣਵਾਈ ਵੇਲੇ ਪਹਿਲਾਂ ਝੂਠ ਵੀ ਬੋਲਿਆ ਸੀ ਕਿ ਪਹਿਲਾਂ ਸ੍ਰੀ ਬਖ਼ਸ਼ੀ ਨੇ ਉਸ `ਤੇ ਹਮਲਾ ਕੀਤਾ ਸੀ ਤੇ ਉਸ ਨੇ ਤਾਂ ਬਾਅਦ `ਚ ਆਪਣਾ ਬਚਾਅ ਕਰਨ ਲਈ ਹਮਲਾ ਕੀਤਾ ਸੀ। ਪਰ ਉਸ ਦਾ ਝੂਠ ਅਦਾਲਤ `ਚ ਕਿਸੇ ਕੰਮ ਨਾ ਆਇਆ ਕਿਉਂਕਿ ਇਸ ਘਟਨਾ ਦੇ ਬਹੁਤ ਸਾਰੇ ਚਸ਼ਮਦੀਦ ਗਵਾਹ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US airmen found guilty of racial hatred against a Sikh