ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕੋਰੋਨਾ ਕਾਰਨ ਰੱਦ ਤਾਂ ਨਹੀਂ ਕਰਨਾ ਪਵੇਗਾ ਸਰੀ ਦਾ ਵਿਸਾਖੀ–2020 ਨਗਰ ਕੀਰਤਨ?

ਸਰੀ ਦੇ ਨਗਰ ਕੀਰਤਨ ਦੀ ਫ਼ਾਈਲ ਫ਼ੋਟੋ

ਭਾਰਤੀ (ਚੜ੍ਹਦੇ) ਪੰਜਾਬ ਤੋਂ ਬਾਹਰ ਜੇ ਕਿਸੇ ਗੁਰਪੁਰਬ ਜਾਂ ਵਿਸਾਖੀ ਮੌਕੇ ਕੋਈ ਨਗਰ ਕੀਰਤਨ ਆਪਣੀ ਵਿਸ਼ਾਲਤਾ ਕਾਰਨ ਚਰਚਿਤ ਹੁੰਦਾ ਹੈ, ਤਾਂ ਉਹ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਹੈ। ਸਰੀ ਤੇ ਵੈਨਕੂਵਰ ਦੇ ਆਲੇ–ਦੁਆਲੇ ਸਥਿਤ ਕਈ ਪਿੰਡਾਂ ਤੇ ਸ਼ਹਿਰਾਂ ’ਚ ਪੰਜਾਬੀ ਵੱਡੀ ਗਿਣਤੀ ’ਚ ਵੱਸਦੇ ਹਨ ਤੇ ਇੱਥੇ ਨਗਰ–ਕੀਰਤਨ ਦੀ ਸ਼ਾਨੋ–ਸ਼ੌਕਤ ਹਰ ਸਾਲ ਵੇਖਣ ਵਾਲੀ ਹੁੰਦੀ ਹੈ। ਉਂਝ ਕੈਨੇਡੀਅਨ ਸਭਿਆਚਾਰ ਮੁਤਾਬਕ ਇਸ ਨੂੰ ‘ਸਿੱਖ–ਪਰੇਡ’ ਦਾ ਨਾਂਅ ਦਿੱਤਾ ਜਾਂਦਾ ਹੈ।

 

 

ਇਸ ਵਾਰ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਫੈਲਿਆ ਹੋਇਆ ਹੈ। ਇਸ ਵਾਇਰਸ ਕਾਰਨ ਕੈਨੇਡਾ ’ਚ 100 ਤੋਂ ਵੱਧ ਵਿਅਕਤੀ ਪ੍ਰਭਾਵਿਤ ਹਨ ਤੇ ਬ੍ਰਿਟਿਸ਼ ਕੋਲੰਬੀਆ ’ਚ ਹੀ ਇਸ ਕਾਰਨ ਇੱਕ ਮੌਤ ਵੀ ਹੋ ਚੁੱਕੀ ਹੈ। ਹੋਰ ਤਾਂ ਹੋਰ ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਉਂਝ ਭਾਵੇਂ ਉਨ੍ਹਾਂ ਦੀ ਹਾਲਤ ਬਿਲਕੁਲ ਠੀਕਠਾਕ ਹੈ।

 

 

ਸਮੁੱਚੇ ਵਿਸ਼ਵ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ 5,000 ਤੋਂ ਵੱਧ ਜਾਨਾਂ ਲੈ ਲਈਆਂ ਹਨ। ਅਜਿਹੇ ਹਾਲਾਤ ’ਚ ਵੱਡਾ ਸੁਆਲ ਇਹੋ ਪੈਦਾ ਹੁੰਦਾ ਹੈ ਕਿ ਕੀ ਸਰੀ ਦਾ ਨਗਰ ਕੀਰਤਨ ਹੋਵੇਗਾ ਕਿ ਨਹੀਂ। ਵੈਨਕੂਵਰ ਦੇ ਨਗਰ ਕੀਰਤਨ ’ਚ ਵੀ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਐਬਟਸਫ਼ੋਰਡ ਦਾ ਨਗਰ ਕੀਰਤਨ ਵੀ ਕਾਫ਼ੀ ਚਰਚਿਤ ਰਹਿੰਦਾ ਹੈ।

 

 

ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਹੀ ਵੱਡੇ–ਛੋਟੇ ਸਰਕਾਰੀ ਤੇ ਗ਼ੈਰ–ਸਰਕਾਰੀ ਸਮਾਰੋਹ ਕੋਰੋਨਾ ਵਾਇਰਸ ਕਾਰਨ ਮੁਲਤਵੀ ਜਾਂ ਰੱਦ ਕਰਨੇ ਪੈ ਰਹੇ ਹਨ। ਇਸ ਲਈ ਅਗਲੇ ਮਹੀਨੇ 13 ਅਪ੍ਰੈਲ ਨੂੰ ਵਿਸਾਖੀ ਮੌਕੇ ਹੋਣ ਵਾਲੇ ਨਗਰ–ਕੀਰਤਨ ਉੱਤੇ ਵੀ ਸੁਆਲ ਖੜ੍ਹੇ ਹੋਣੇ ਸੁਭਾਵਕ ਹਨ। ਐਤਕੀਂ ਸਰੀ ਦਾ ਨਗਰ ਕੀਰਤਨ ਸਨਿੱਚਰਵਾਰ 25 ਅਪ੍ਰੈਲ ਨੂੰ ਹੋਣਾ ਤੈਅ ਹੈ।

 

 

ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀ ਬੌਨੀ ਹੈਨਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸੂਬੇ ਦੇ ਵੱਡੇ ਤੇ ਛੋਟੇ ਸਾਰੇ ਈਵੈਂਟਸ ਬਾਰੇ ਕਈ ਤਰ੍ਹਾਂ ਦੇ ਸੁਆਲ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਈਵੈਂਟਸ ਵਿਵਹਾਰਕ ਹੋਣਗੇ ਤਾਂ ਉਹ ਜ਼ਰੂਰ ਹੋਣਗੇ।

 

 

ਉਨ੍ਹਾਂ ਕਿਹਾ ਕਿ ਈਵੈਂਟਸ ਦੇ ਪ੍ਰਬੰਧਕ ਵੀ ਕੋਰੋਨਾ ਵਾਇਰਸ ਦੀ ਛੂਤ ਫੈਲਣ ਤੋਂ ਰੋਕਣ ਲਈ ਆਪਣੇ ਪੱਧਰ ’ਤੇ ਉਪਰਾਲੇ ਕਰ ਸਕਦੇ ਹਨ।

 

 

ਹਰ ਸਾਲ ਵਾਂਗ ਐਤਕੀਂ ਵੀ ਸਰੀ ਦੇ ਨਗਰ ਕੀਰਤਨ–2020 ਦਾ ਪ੍ਰੋਗਰਾਮ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਰੱਖਿਆ ਗਿਆ ਹੈ। ਇੱਥੇ 5 ਲੱਖ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ। ਹਾਲੇ ਨਾ ਤਾਂ ਕੋਈ ਅਧਿਕਾਰੀ ਤੇ ਨਾ ਹੀ ਨਗਰ–ਕੀਰਤਨ ਦਾ ਕੋਈ ਪ੍ਰਬੰਧਕ ਇਸ ਮਾਮਲੇ ’ਤੇ ਕੋਈ ਟਿੱਪਣੀ ਕਰਨੀ ਚਾਹੁੰਦਾ ਹੈ ਕਿਉਂਕਿ ਹਾਲੇ ਸਵਾ ਮਹੀਨਾ ਪਿਆ ਹੈ ਤੇ ਵੈਨਕੂਵਰ, ਸਰੀ, ਐਬਟਸਫ਼ੋਰਡ ਦੇ ਨਗਰ ਕੀਰਤਨ ਹੋਣਗੇ ਕਿ ਨਹੀਂ – ਇਸ ਬਾਰੇ ਹਾਲ ਦੀ ਘੜੀ ਕੁਝ ਵੀ ਪੱਕੇ ਤੌਰ ’ਤੇ ਨਹੀਂ ਆਖਿਆ ਜਾ ਸਕਦਾ।

 

 

ਪਰ ਇੰਨਾ ਜ਼ਰੂਰ ਹੈ ਕਿ ਇਹ ਸਾਰੇ ਨਗਰ–ਕੀਰਤਨ ਸਿਹਤ ਵਿਭਾਗ ਦੀ ਸਲਾਹ ਨਾਲ ਹੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would Surrey s Vaisakhi 2020 Sikh Parade have to be cancelled due to Corona