ਯੂਏਈ ਚ ਸਾਲ 1991 ਚ ਮੁਨਿਰਾ ਅਬਦੁੱਲਾ ਨਾਂ ਦੀ ਇਕ ਔਰਤ ਸੜਕ ਹਾਦਸੇ ਦੀ ਸ਼ਿਕਾਰ ਹੋਣ ਮਗਰੋਂ ਕੋਮਾ ਚ ਚਲੀ ਗਈ ਸੀ। ਆਖਰਕਾਰ 27 ਸਾਲਾਂ ਦੀ ਲੰਬੀ ਉਡੀਕ ਮਗਰੋਂ ਇਹ ਔਰਤ ਅਚਾਨਕ ਕੋਮਾ ਤੋਂ ਬਾਹਰ ਆ ਗਈ ਤੇ ਇਸ ਨੂੰ ਹੋਸ਼ ਆ ਗਈ। ਸੜਕ ਹਾਦਸੇ ਦੌਰਾਨ ਮੁਨਿਰਾ ਦੀ ਉਮਰ 32 ਸਾਲ ਸੀ ਤੇ ਉਸਦੇ ਬੇਟੇ ਓਮਰ ਦੀ ਉਮਰ 4 ਸਾਲ ਸੀ।
ਜਾਣਕਾਰੀ ਮੁਤਾਬਕ ਜਦੋਂ ਇਹ ਔਰਤ ਆਪਣੇ ਬੇਟੇ ਨੂੰ ਸਕੂਲ ਤੋਂ ਲੈਣ ਜਾ ਰਹੀ ਸੀ ਤਾਂ ਉਸ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਪੀੜਤ ਔਰਤ ਦੇ ਦਿਮਾਗ ਚ ਕਈ ਅੰਦਰੂਨੀ ਸੱਟਾਂ ਲੱਗੀਆਂ ਸਨ। ਮੁਨਿਰਾ ਦਾ ਬੇਟਾ ਓਮਰ ਹੁਣ 32 ਸਾਲ ਦਾ ਹੋ ਗਿਆ ਹੈ। ਮੁਨਿਰਾ ਦੇ ਬੇਟੇ ਓਮਰ ਨੇ ਕਿਹਾ ਕਿ ਮੈਂ ਕਦੇ ਵੀ ਹਾਰ ਨਹੀਂ ਮੰਨੀ ਕਿਉਂਕਿ ਡੂੰਘੀ ਬੀਮਾਰੀ ਨਾਲ ਲੜਨ ਦੇ ਬਾਵਜੂਦ ਮੈਨੂੰ ਹਮੇਸ਼ਾ ਅਜਿਹਾ ਲੱਗਦਾ ਸੀ ਕਿ ਮੇਰੀ ਮਾਂ ਦੇ ਸਰੀਰ ਤੋਂ ਠੀਕ ਹੋਣ ਦੇ ਸੰਕੇਤ ਮਿਲ ਰਹੇ ਹਨ। ਬਹੁਤੇ ਡਾਕਟਰਾਂ ਨੇ ਸਾਨੂੰ ਉਮੀਦ ਛੱਡਣ ਨੂੰ ਕਿਹਾ, ਪਰ ਮੈਂ ਉਮੀਦ ਨਹੀਂ ਛੱਡੀ ਤੇ ਸਿੱਟਾ ਅੱਜ ਤੁਹਾਡੇ ਸਾਹਮਣੇ ਹੈ।
ਓਮਰ ਦੀ ਮਾਂ ਮੁਨਿਰਾ ਦਾ ਇਲਾਜ ਜਰਮਨੀ ਦੇ ਇਕ ਹਸਪਤਾਲ ਚ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਮੁੰਡਾ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਾਊਦੀ ਅਰਬ ਤੋਂ ਜਰਮਨੀ ਜਾਂਦਾ ਰਹਿੰਦਾ ਸੀ। ਮੁਨਿਰਾ ਦੀ ਜਰਮਨੀ ਚ ਡਾਕਟਰਾਂ ਨੇ ਕਈ ਸਰਜਰੀਆਂ ਕੀਤੀਆਂ। ਇਸ ਦੇ ਇਕ ਸਾਲ ਮਗਰੋਂ ਇਕ ਦਿਨ ਹਸਪਤਾਲ ਚ ਮੁਨਿਰਾ ਦੇ ਬੇਟੇ ਓਮਰ ਦੀ ਕਿਸੇ ਨਾਲ ਬਹਿਸ ਹੋ ਗਈ। ਇਸ ਦੌਰਾਨ 59 ਸਾਲਾ ਮੁਨਿਰਾ ਨੂੰ ਹੋਸ਼ ਆ ਗਿਆ।
ਓਮਰ ਨੇ ਕਿਹਾ ਕਿ ਮਾਂ ਨੂੰ ਲਗਿਆ ਕਿ ਮੈਂ ਖ਼ਤਰੇ ਚ ਹਾਂ, ਇਸੇ ਕਾਰਨ ਉਨ੍ਹਾਂ ਨੂੰ ਝਟਕੇ ਲਗੇ ਤੇ ਹੋਸ਼ ਚ ਆ ਗਈ, ਉਹ ਅਜੀਬ ਜਿਹੀਆਂ ਆਵਾਜ਼ਾਂ ਕੱਢ ਰਹੀਂ ਸਨ, ਤੁਰੰਮ ਮੈਂ ਡਾਕਟਰਾਂ ਨੂੰ ਸੱਦਿਆ। ਡਾਕਟਰਾਂ ਨੇ ਕਿਹਾ ਕਿ ਉਹ ਠੀਕ ਹਨ ਘਬਰਾਉਣ ਦੀ ਲੋੜ ਨਹੀਂ ਹੈ। ਪਰ ਫਿਰ ਤਿੰਨ ਦਿਨ ਮਗਰੋਂ ਮੈਂ ਅਚਾਨਕ ਸੁਣਿਆ ਕਿ ਕੋਈ ਮੇਰਾ ਨਾਂ ਪੁਕਾਰ ਰਿਹਾ ਹੈ ਤੇ ਉਹ ਮੇਰੀ ਹੀ ਸਨ। ਮੈਂ ਖੁ਼ਸ਼ੀ ਨਾਲ ਕੁੱਦ ਪਿਆ। ਮੇਰਾ ਨਾਂ ਹੀ ਉਹ ਸ਼ਬਦ ਸੀ ਜਿਹੜਾ ਉਨ੍ਹਾਂ ਨੇ ਹੋਸ਼ ਚ ਆਉਣ ’ਤੇ ਸਭ ਤੋਂ ਪਹਿਲਾਂ ਬੋਲਿਆ।
ਓਮਰ ਨੇ ਦਸਿਆ ਕਿ ਮੇਰੀ ਮਾਂ ਨੂੰ ਮਈ ਚ ਹੋਸ਼ ਆ ਗਿਆ ਸੀ ਤੇ ਹੁਣ ਉਨ੍ਹਾਂ ਦੀ ਹਾਲਤ ਕਾਫੀ ਬੇਹਤਰ ਹੋ ਗਈ ਹੈ ਪਰ ਸਾਨੂੰ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਹੈ। ਮੇਰੀ ਮਾਂ ਹੁਣ ਬਿਲਕੁਲ ਠੀਕ ਹਨ ਤੇ ਯੂਏਈ ਚ ਘਰ ਚ ਸਾਡੇ ਨਾਲ ਰਹਿ ਰਹੀਂ ਹਨ।
ਮੁਨਿਰਾ ਦਾ ਇਲਾਜ ਕਰਨ ਵਾਲੇ ਡਾਕਟਰ ਫ਼ੀਡੇਮਾਨ ਮੁਲਰ ਕਹਿੰਦੇ ਹਨ, ਮੁਨਿਰਾ ਦਾ ਕੇਸ ਵੱਖਰਾ ਸੀ ਪਰ ਅਸੀਂ ਉਨ੍ਹਾਂ ਦਾ ਇਲਾਜ ਕਰਨ ਚ ਕੋਈ ਕਸਰ ਨਹੀਂ ਛੱਡੀ। ਅਜਿਹੇ ਮਾਮਲਿਆਂ ਚ ਬੇਹਦ ਘੱਟ ਹੀ ਮੌਕੇ ਹੁੰਦੇ ਹਨ ਕਿ ਮਰੀਜ਼ ਕੋਮਾ ਤੋਂ ਬਾਹਰ ਆ ਜਾਵੇ।
.