ਦੁਨੀਆ ਚ ਅਮੀਰ ਬਣਨ ਲਈ ਲੋਕ ਪਤਾ ਨਹੀਂ ਕੀ ਕੁਝ ਨਹੀਂ ਕਰਦੇ ਪਰ ਕਈ ਵਾਰ ਉਹ ਸਫ਼ਲ ਵੀ ਹੋ ਜਾਂਦੇ ਹਨ ਤੇ ਕਈ ਵਾਰ ਅਸਫ਼ਲ ਵੀ। ਅਜਿਹੀ ਹੀ ਘਟਨਾ ਇਕ ਸਾਹਮਣੇ ਆਈ ਹੈ ਜਿਸ ਵਿਚ ਕਰੋੜਪਤੀ ਬਣਨ ਲਈ ਵਿਅਕਤੀ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਚੀਨ ਦੀ ਰਾਜਧਾਨੀ ਬੀਜਿੰਗ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਓ ਨਾਂ ਦਾ ਵਿਅਕਤੀ ਪਤਨੀ ਨਾਲ ਚੀਨ ਦੀ ਮਸ਼ਹੂਰ ਫੂਡ ਕੰਪਨੀ ਹੈਦੀਲਾਓ ਦੇ ਆਊਟਲੈਟ ਚ ਪੁੱਜਿਆ ਸੀ। 20 ਮਿੰਟਾਂ ਮਗਰੋਂ ਉਸ ਨੇ ਦਾਅਵਾ ਕੀਤਾ ਕਿ ਉਸਦੀ ਖਾਣੇ ਦੀ ਪਲੇਟ ਚ ਮਰਿਆ ਹੋਇਆ ਚੂਹਾ ਨਿਕਲਿਆ ਹੈ।
ਘਟਨਾ ਨੂੰ ਸਮਝਦਿਆਂ ਹੋਟਲ ਵਾਲਿਆਂ ਨੇ ਉਸ ਨੂੰ ਮੁਫ਼ਤ ਖਾਣਾ ਆਫ਼ਰ ਕੀਤਾ ਪਰ ਉਸ ਨੇ ਇਸ ਆਫਰ ਨੂੰ ਠੁਕਰਾ ਦਿੱਤਾ। ਹੋਟਲ ਨੇ ਉਸਨੂੰ 2 ਲੱਖ ਰੁਪਏ ਆਫ਼ਰ ਕੀਤੇ। ਗੁਓ ਨੇ 2 ਲੱਖ ਦੀ ਥਾਂ 5 ਕਰੋੜ ਰੁਪਏ ਦੀ ਮੰਗ ਕੀਤੀ।
ਦੋਨਾਂ ਵਿਚਾਲੇ ਸਮਝੌਤਾ ਨਹੀ਼ ਹੋ ਸਕਿਆ ਤਾਂ ਹੋਟਲ ਦੇ ਲੋਕ ਪੁਲਿਸ ਕੋਲ ਪੁੱਜੇ। ਪੁਲਿਸ ਨੇ ਜਾਂਚ ਮਗਰੋਂ ਇਹ ਪਾਇਆ ਕਿ ਗੁਓ ਨੇ ਖੁੱਦ ਹੀ ਪਲੇਟ ਚ ਮਰਿਆ ਹੋਇਆ ਚੂਹਾ ਪਾ ਦਿੱਤਾ ਸੀ। ਪੁਲਿਸ ਨੇ ਗੁਓ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੰਗਲਵਾਰ ਨੂੰ ਕੋਰਟ ਚ ਹੋਈ ਸੁਣਵਾਈ ਦੌਰਾਨ ਉਸਨੇ ਦਸਿਆ ਕਿ ਹੋਟਲ ਵਾਲਿਆਂ ਨੂੰ ਬਲੈਕਮੇਲ ਅਤੇ ਪੈਸਿਆਂ ਦੇ ਲਾਲਚ ਚ ਉਸਨੇ ਇਹ ਸਕੀਮ ਬਣਾਈ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਪਿਛਲੇ ਸਾਲ ਨਵੰਬਰ 2018 ਦੀ ਹੈ।
.