ਮਾਂ ਧਰਤੀ ’ਤੇ ਆਪਣੇ ਬੱਚਿਆਂ ਲਈ ਰੱਬ ਦਾ ਰੂਪ ਹੁੰਦੀ ਹੈ। ਇਸ ਗੱਲ ਨੂੰ ਇਕ ਔਰਤ ਨੇ ਉਦੋਂ ਸਾਬਤ ਕਰ ਦਿੱਤਾ ਜਦੋਂ ਉਸ ਨੇ ਆਪਣੀ ਕਮਾਲ ਦੀ ਤੇਜ਼ੀ ਦਿਖਾਉਂਦਿਆਂ ਆਪਣੇ ਬੱਚੇ ਨੂੰ ਚਬਾਰੇ ਤੋਂ ਹੇਠਾਂ ਡਿੱਗਣ ਤੋਂ ਬਚਾ ਲਿਆ। ਇਹ ਪੂਰੀ ਘਟਨਾ ਇਮਾਰਤ ਦੇ ਚਬਾਰੇ ਚ ਲਗੇ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ ਤੇ ਦੇਖਦਿਆਂ ਹੀ ਦੇਖਦਿਆਂ ਸੋਸ਼ਲ ਮੀਡੀਆ ਚ ਵਾਇਰਲ ਵੀ ਹੋ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਨੂੰ ਕੋਲੰਬੀਆ ਦੇ ਮੈਡੀਲਿਨ ਦੀ ਹੈ। ਵੀਡੀਓ ਮੁਤਾਬਕ ਇਮਾਰਤ ਦੀ ਗੈਲਰੀ ਚ ਵਾਪਰੀ ਇਸ ਘਟਨਾ ਚ ਇਕ ਔਰਤ ਇਕ ਛੋਟੇ ਬੱਚੇ ਨਾਲ ਲਿਫ਼ਟ ਤੋਂ ਬਾਹਰ ਆਉਂਦੀ ਹੈ। ਬਾਹਰ ਆਉਂਦਿਆਂ ਹੀ ਮਾਂ ਫ਼ੋਨ ਤੇ ਕੁਝ ਦੇਖਣ ਲੱਗਦੀ ਹੈ ਕਿ ਅਚਾਨਕ ਬੱਚਾ ਰੈਲਿੰਗ ਦੇ ਬੇਹਦ ਕੋਲ ਪੁੱਜ ਜਾਂਦਾ ਹੈ। ਰੇਲਿੰਗ ਚ ਜਾਲ਼ ਨਹੀਂ ਸੀ। ਬੱਚਾ ਗ੍ਰਿੱਲ ਤੋਂ ਹੇਠਾਂ ਦੇਖਣ ਲੱਗਦਾ ਹੈ ਕਿ ਅਚਾਨਕ ਉਸਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਹੇਠਾਂ ਤਿਲਕ ਜਾਂਦਾ ਹੈ।
ਘਟਨਾ ਮੌਕੇ ਤੇਜ਼ੀ ਨਾਲ ਫੁਰਤੀ ਦਿਖਾਉਂਦਿਆਂ ਬੱਚੇ ਦੀ ਮਾਂ ਤੁਰੰਤ ਅਗਲੇ ਹੀ ਪਲ ਝਪਟ ਕੇ ਬੱਚੇ ਦਾ ਪੈਰ ਫੜ੍ਹ ਲੈਂਦੀ ਹੈ। ਬੱਚੇ ਦੇ ਤਿਲਕਣ ਅਤੇ ਮਾਂ ਦੇ ਉਸਦਾ ਪੈਰ ਫੜਨ ਵਿਚਾਲੇ ਸਿਰਫ ਅੱਧੇ ਸਕਿੰਟ ਦਾ ਹੀ ਫਰਕ ਹੈ। ਇਸ ਤੋਂ ਬਾਅਦ ਮਾਂ ਆਪਣੇ ਬੱਚੇ ਨੂੰ ਹੇਠਾਂ ਡਿੱਗਣ ਤੋਂ ਬਚਾ ਲੈਂਦੀ ਹੈ। ਘਟਨਾ ਚ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
.