ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਚਲਾਨ ਕੱਟਣ ਦੇ ਕਈ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਸਹਿਸਪੁਰ ਵਿਖੇ ਵੀ ਇੱਕ ਬੈਲਗੱਡੀ ਦਾ ਚਲਾਨ ਕੱਟਿਆ ਗਿਆ। ਹਾਲਾਂਕਿ ਨਵੇਂ ਕਾਨੂੰਨ ਚ ਬੈਲ ਗੱਡੀਆਂ ਦੇ ਚਲਾਨ ਕੱਟਣ ਦਾ ਕੋਈ ਪ੍ਰਬੰਧ ਨਹੀਂ ਹੈ। ਮਾਮਲਾ ਸ਼ਨਿੱਚਰਵਾਰ ਦਾ ਹੈ ਹਾਲਾਂਕਿ ਬਾਅਦ ਚ ਚਲਾਨ ਰੱਦ ਕਰ ਦਿੱਤਾ ਗਿਆ ਸੀ।
ਮਾਲਕ ਰਿਆਜ਼ ਹਸਨ ਨੇ ਆਪਣੇ ਖੇਤ ਦੇ ਕੋਲ ਬੈਲਗੱਡੀ ਖੜ੍ਹੀ ਕੀਤੀ ਸੀ। ਸਬ-ਇੰਸਪੈਕਟਰ ਪੰਕਜ ਕੁਮਾਰ ਦੀ ਅਗਵਾਈ ਹੇਠ ਇਕ ਟੀਮ ਉਥੇ ਪਹੁੰਚੀ। ਬੈਲਗੱਡੀ ਦੇ ਦੁਆਲੇ ਕੋਈ ਨਹੀਂ ਦਿਖਿਆ। ਜਦੋਂ ਟੀਮ ਨੇ ਪਿੰਡ ਵਾਸੀਆਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਬੈਲਗੱਡੀ ਹਸਨ ਦੀ ਹੈ।
ਬੈਲਗੱਡੀ ਨੂੰ ਹਸਨ ਦੇ ਘਰ ਲਿਜਾਇਆ ਗਿਆ ਤੇ ਬੀਮਾ ਰਹਿਤ ਵਾਹਨ ਲਈ 1000 ਰੁਪਏ ਦਾ ਚਲਾਨ ਸੌਂਪਿਆ ਗਿਆ। ਹਸਨ ਨੇ ਕਿਹਾ ਕਿ ਉਸਨੇ ਆਪਣੇ ਖੇਤ ਦੇ ਬਾਹਰ ਬੈਲ ਗੱਡੀ ਖੜ੍ਹੀ ਕੀਤੀ ਸੀ, ਇਸ ਲਈ ਉਸ ਦਾ ਚਲਾਨ ਕਿਵੇਂ ਕੱਟਿਆ ਜਾ ਸਕਦਾ ਹੈ।
ਅਗਲੇ ਦਿਨ ਯਾਨੀ ਐਤਵਾਰ ਨੂੰ ਹਸਨ ਦਾ ਚਲਾਨ ਰੱਦ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
.