ਓਡੀਸ਼ਾ ਦੇ ਮਲਕਾਨਗਿਰਿ ਦੇ ਮੁੱਖ ਜ਼ਿਲ੍ਹਾ ਹਸਪਤਾਲ ਅਫ਼ਸਰ (ਸੀਡੀਐਮਓ) ਨੇ ਜ਼ਿਲ੍ਹਾ ਮੁੱਖ ਦਫ਼ਤਰ ਹਸਪਤਾਲ ਦੀ ਵਿਸ਼ੇਸ਼ ਨਵਜਾਤ ਸ਼ਿਸ਼ੂ ਦੇਖਭਾਲ ਇਕਾਈ (ਐਸਐਨਸੀਯੂ) ਦੇ ਅੰਦਰ ਵੱਡੀ ਲਾਪਰਵਾਹੀ ਵਰਤਣ ਅਤੇ ਟਿਕ-ਟਾਕ ਵੀਡੀਓ ਬਣਾਉਣ ਕਾਰਨ ਕੁਝ ਨਰਸਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸੀਡੀਐਮਓ ਅਜਿਤ ਕੁਮਾਰ ਮੋਹੰਤੀ ਨੇ ਸੋਸ਼ਲ ਮੀਡੀਆ ਚ ਕੁਝ ਨਰਸਾਂ ਦੇ ਟਿਕ-ਟਿਕਾ ਵੀਡੀਓ ਦੇ ਵਾਇਰਲ ਹੋਣ ਮਗਰੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਵੀਡੀਓ ਚ ਇਹ ਸਾਰੀਆਂ ਨਰਸਾਂ ਆਪਣੀ ਅਧਿਕਾਰਤ ਵਰਦੀ ਚ ਐਸਐਨਸੀਯੂ ਦੇ ਅੰਦਰ ਗਾਉਂਦੇ, ਨੱਚਦੇ ਅਤੇ ਮਸਤੀ ਕਰਦੀਆਂ ਹੋਈਆਂ ਦਿੱਖ ਰਹੀਆਂ ਹਨ।
ਵੀਡੀਓ ਚ ਹਸਪਤਾਲ ਦੇ ਬੈੱਡ ਅਤੇ ਮਰੀਜ਼ ਵੀ ਦਿੱਖ ਰਹੇ ਹਨ। ਐਡੀਸ਼ਨਲ ਜ਼ਿਲ੍ਹਾ ਮੈਡੀਕਲ ਅਫ਼ਸਰ ਅਤੇ ਹਸਪਤਾਲ ਦੇ ਇੰਚਾਰਜ ਤਪਨ ਕੁਮਾਰ ਡਿੰਡਾ ਨੇ ਦਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਲੋੜੀਂਦੀ ਕਾਰਵਾਈ ਲਈ ਜਾਂਚ ਰਿਪੋਰਟ ਸੌਂਪੀ ਜਾਵੇਗੀ। ਸੀਡੀਐਮਓ ਨੇ ਘਟਨਾ ਨੂੰ ਮੰਦਭਾਗਾ ਦਸਿਆ ਜਦਕਿ ਕਿਸੇ ਵੀ ਦੋਸ਼ੀ ਨਰਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ।
.