ਮੁੰਬਈ ਦੀ ਰੇਲਵੇ ਪੁਲਿਸ (ਜੀਆਰਪੀ) ਨੂੰ ਟਰੈਕਾਂ 'ਤੇ ਇਕ ਲਾਸ਼ ਦੀ ਜਾਣਕਾਰੀ ਮਿਲੀ। ਜਦੋਂ ਉਸਦੀ ਪੜਤਾਲ ਕੀਤੀ ਗਈ ਤਾਂ ਪਤਾ ਚਲਿਆ ਕਿ ਮਰਨ ਵਾਲੇ 82 ਸਾਲਾ ਵਿਅਕਤੀ ਦਾ ਨਾਂ ਬਿਰਾਰੀਚੰਦ ਪੰਨਾਰਾਮਜੀ ਆਜ਼ਾਦ ੳਰਫ ਬਿਰਜੂ ਚੰਦਰ ਆਜ਼ਾਦ ਸੀ, ਜੋ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਪੁਲਿਸ ਦੀ ਜਾਂਚ ਮੁਤਾਬਕ ਬਿਰਾਰੀਚੰਦ ਕਈ ਲੱਖਾਂ ਦਾ ਮਾਲਕ ਸੀ ਤੇ ਉਸ ਦੇ ਬੈਂਕ ਖਾਤੇ ਚੋਂ 8.77 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (ਐਫਡੀ), 96 ਹਜ਼ਾਰ ਰੁਪਏ ਖਾਤੇ ਚ ਅਤੇ 1.75 ਲੱਖ ਦੇ ਸਿੱਕੇ ਮਿਲੇ। ਇਸ ਮ੍ਰਿਤਕ ਭਿਖਾਰੀ ਦੀ ਮਾਨਖੁਰਦ ਅਤੇ ਗੋਵੰਡੀ ਸਟੇਸ਼ਨ ਦੇ ਵਿਚਕਾਰ ਰੇਲਵੇ ਟ੍ਰੈਕ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਸ਼ੁੱਕਰਵਾਰ ਨੂੰ ਇੱਕ ਰੇਲ ਗੱਡੀ ਦੇ ਲਪੇਟੇ ਆਉਣ ਕਾਰਨ ਕੱਟ ਕੇ ਮੌਤ ਹੋ ਗਈ ਸੀ।
ਜੀਆਰਪੀ ਹੁਣ ਆਜ਼ਾਦ ਦੇ ਬੇਟੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਰਾਜਸਥਾਨ ਚ ਰਹਿੰਦਾ ਹੈ। ਸਥਾਨਕ ਲੋਕਾਂ ਨੇ ਉਸ ਦੀ ਪਛਾਣ ਕੀਤੀ ਸੀ ਤੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਾਰਬਰ ਲਾਈਨ 'ਤੇ ਭੀਖ ਮੰਗਿਆ ਕਰਦਾ ਸੀ।
ਵਾਸ਼ੀ ਜੀਆਰਪੀ ਦੇ ਅਨੁਸਾਰ, 'ਅਗਲੇਰੀ ਜਾਂਚ 'ਤੇ ਅਸੀਂ ਉਸ ਦੀ ਝੌਂਪੜੀ 'ਤੇ ਗਏ। ਇਕ ਗੁਆਂਢੀ ਨੇ ਸਾਨੂੰ ਦੱਸਿਆ ਕਿ ਆਜ਼ਾਦ ਇਕੱਲਾ ਰਹਿੰਦਾ ਸੀ ਤੇ ਉਸਦਾ ਕੋਈ ਰਿਸ਼ਤੇਦਾਰ ਨਹੀਂ ਹੈ। ਅਸੀਂ ਉਸਦੇ ਪਰਿਵਾਰ ਬਾਰੇ ਕੁਝ ਪਤਾ ਕਰਨ ਲਈ ਉਸਦੀ ਝੌਂਪੜੀ ਦੀ ਭਾਲ ਕੀਤੀ।'
ਆਜ਼ਾਦ ਦੀ ਝੌਪੜੀ ਦੀ ਜਾਂਚ ਕਰ ਰਹੇ ਵਾਸ਼ੀ ਜੀਆਰਪੀ ਸਬ-ਇੰਸਪੈਕਟਰ ਪ੍ਰਵੀਨ ਕਾਂਬਲੇ ਨੇ ਕਿਹਾ, "ਸਾਨੂੰ ਉਥੇ ਚਾਰ ਵੱਡੇ ਡੱਬੇ ਅਤੇ ਇੱਕ ਗੈਲਨ ਮਿਲੀ।" ਭਿਖਾਰੀ ਨੇ ਇਸ ਦੇ ਅੰਦਰ ਇੱਕ, ਦੋ, ਪੰਜ ਅਤੇ 10 ਰੁਪਏ ਦੇ ਸਿੱਕੇ ਪਲਾਸਟਿਕ ਦੇ ਥੈਲੇ ਚ ਰੱਖੇ ਹੋਏ ਸਨ। ਅਸੀਂ ਸ਼ਨੀਵਾਰ ਸ਼ਾਮ ਤੋਂ ਐਤਵਾਰ ਤਕ ਸਿੱਕੇ ਗਿਣਦੇ ਰਹੇ ਤੇ ਇਹ ਰਕਮ 1.75 ਲੱਖ ਰੁਪਏ ਬਣ ਕੇ ਸਾਹਮਣੇ ਆਈ।'
ਪੁਲਿਸ ਨੂੰ ਝੌਪੜੀ ਦੇ ਇੱਕ ਕੋਨੇ ਚ ਸਟੀਲ ਦਾ ਡੱਬਾ ਮਿਲਿਆ। ਪੁਲਿਸ ਨੇ ਕਿਹਾ, 'ਸਾਨੂੰ ਸਟੀਲ ਬਾਕਸ ਚ ਪੈਨ ਕਾਰਡ, ਆਧਾਰ ਕਾਰਡ ਅਤੇ ਸੀਨੀਅਰ ਸਿਟੀਜ਼ਨ ਕਾਰਡ ਮਿਲੇ ਜੋ ਸਾਰੇ ਆਜ਼ਾਦ ਦੇ ਨਾਮ 'ਤੇ ਸਨ। ਦਸਤਾਵੇਜ਼ਾਂ ਅਨੁਸਾਰ ਉਸ ਦਾ ਜਨਮ 27 ਫਰਵਰੀ 1937 ਨੂੰ ਹੋਇਆ ਸੀ। ਉਹ ਪਹਿਲਾਂ ਸ਼ਿਵਾਜੀ ਨਗਰ ਵਿਚ ਰਹਿੰਦਾ ਸੀ।'
ਪੁਲਿਸ ਮੁਤਾਬਕ "ਹੋਰ ਦਸਤਾਵੇਜ਼ ਜੋ ਅਸੀਂ ਬਰਾਮਦ ਕੀਤੇ ਹਨ, ਚ 8.77 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ, ਦੋ ਬੈਂਕ ਖਾਤਿਆਂ ਦੀ ਪਾਸ ਬੁੱਕ ਜਿਸ ਚ 96,000 ਰੁਪਏ ਜਮ੍ਹਾ ਹਨ, ਆਦਿ ਸ਼ਾਮਲ ਹਨ। ਬੈਂਕ ਦੀ ਰਸੀਦ ਦੱਸਦੀ ਹੈ ਕਿ ਆਜ਼ਾਦ ਰਾਜਸਥਾਨ ਦੇ ਰਾਮਗੜ੍ਹ ਦਾ ਵਸਨੀਕ ਸੀ ਤੇ ਉਸਦਾ ਇੱਕ ਸੁਖਦੇਵ ਨਾਮ ਦਾ ਪੁੱਤਰ ਹੈ। ਜੋ ਉਸਦੇ ਬੈਂਕ ਖਾਤਿਆਂ ਦਾ ਵਾਰਸ ਹੈ। ਅਸੀਂ ਸੁਖਦੇਵ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'
.