ਓਡੀਸ਼ਾ ਦੇ ਗੰਜਮ ਜ਼ਿਲ੍ਹੇ ਚ ਕੁਝ ਲੋਕਾਂ ਨੇ ਜਾਦੂ-ਟੂਣਾ ਕਰਨ ਦੇ ਸ਼ੱਕ ਚ 6 ਬਜ਼ੁਰਗਾਂ ਦੇ ਦੰਦ ਭੰਨ ਦਿੱਤੇ ਤੇ ਉਨ੍ਹਾਂ ਨੂੰ ਮਨੁੱਖੀ ਮਲ-ਮੂਤਰ ਖਾਣ ਲਈ ਮਜਬੂਰ ਕੀਤਾ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਗੋਪੁਰਪੁਰ ਪਿੰਡ ਦੇ ਕੁਝ ਲੋਕਾਂ ਨੂੰ ਸ਼ੱਕ ਸੀ ਕਿ 6 ਬਜ਼ੁਰਗ ਵਿਅਕਤੀ ਜਾਦੂ-ਟੂਣਾ ਕਰ ਰਹੇ ਹਨ,
ਜਿਸ ਕਾਰਨ ਉਨ੍ਹਾਂ ਦੇ ਖੇਤਰ ਚ ਘੱਟੋ ਘੱਟ 6 ਔਰਤਾਂ ਦੀ ਮੌਤ ਹੋ ਗਈ ਜਦਕਿ 7 ਹੋਰ ਬਿਮਾਰ ਹੋ ਗਈ।
ਪੁਲਿਸ ਅਨੁਸਾਰ ਉਨ੍ਹਾਂ ਨੇ ਮੰਗਲਵਾਰ ਨੂੰ ਇਨ੍ਹਾਂ 6 ਲੋਕਾਂ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਮਨੁੱਖੀ ਗੰਦਗੀ ਖਾਣ ਲਈ ਮਜਬੂਰ ਕੀਤਾ। ਬਾਅਦ ਚ ਉਨ੍ਹਾਂ ਬਜ਼ੁਰਗਾਂ ਦੇ ਦੰਦ ਵੀ ਪੁੱਟ ਦਿੱਤੇ।
ਇਨ੍ਹਾਂ 6 ਪੀੜਤਾਂ ਨੇ ਮਦਦ ਦੀ ਵਾਜਾਂ ਵੀ ਮਾਰੀਆਂ ਪਰ ਪਿੰਡ ਦਾ ਕੋਈ ਵੀ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਨਾ ਆਇਆ। ਹਾਲਾਂਕਿ ਇਹ ਖ਼ਬਰ ਜ਼ਿਲ੍ਹਾ ਹੈੱਡਕੁਆਰਟਰ ਤੱਕ ਪਹੁੰਚ ਗਈ ਤੇ ਪੁਲਿਸ ਟੀਮ ਪਿੰਡ ਪਹੁੰਚ ਗਈ। ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਬਚਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਚ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਚ 22 ਔਰਤਾਂ ਸਨ। ਸਾਰੇ ਜ਼ਖਮੀ ਬਜ਼ੁਰਗ ਵਿਅਕਤੀਆਂ ਦੀ ਉਮਰ 60 ਸਾਲ ਤੋਂ ਵੱਧ ਹੈ ਤੇ ਇਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਹੈ। ਹਾਲੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਪੁਲਿਸ ਨੇ ਕਿਹਾ ਕਿ ਘਟਨਾ ਚ ਕਥਿਤ ਤੌਰ ਤੇ ਸ਼ਾਮਲ ਹੋਰ ਵਿਅਕਤੀਆਂ ਦੇ ਨਾਮ ਵੀ ਉਨ੍ਹਾਂ ਕੋਲ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰੀ ਦੇ ਡਰ ਕਾਰਨ ਹੁਣ ਪਿੰਡ ਦੇ ਲਗਭਗ ਸਾਰੇ ਸ਼ੱਕੀ ਭੱਜ ਗਏ ਹਨ।
.