ਭਾਰਤੀ ਫੌਜ ਦੀਆਂ ਦੋ ਮਹਿਲਾ ਡਾਕਟਰਾਂ ਨੇ ਕੁਝ ਅਜਿਹਾ ਕੀਤਾ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਰੇਲ ਚ ਸਵਾਰ ਦੋਵਾਂ ਡਾਕਟਰਾਂ ਨੇ ਨਾ ਸਿਰਫ ਇਕ ਔਰਤ ਨੂੰ ਨਵੀਂ ਜ਼ਿੰਦਗੀ ਦਿੱਤੀ ਬਲਕਿ ਉਸ ਦੇ ਗੋਦ ਨੂੰ ਮਮਤਾ ਨਾਲ ਭਰ ਦਿੱਤਾ। ਚਲਦੀ ਰੇਲ ਗੱਡੀ ਚ ਦੋਹਾਂ ਡਾਕਟਰਾਂ ਨੇ ਮਿਲ ਕੇ ਇਕ ਗਰਭਵਤੀ ਔਰਤ ਦਾ ਜਣੇਪਾ ਕਰਵਾਇਆ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਹਾਵੜਾ ਐਕਸਪ੍ਰੈਸ ਚ ਯਾਤਰਾ ਕਰਨ ਵਾਲੀ ਇੱਕ ਔਰਤ ਅਚਾਨਕ ਹੋਣ ਲਗੇ ਜਣੇਪੇ ਕਾਰਨ ਦਰਦ ਦਾ ਸ਼ਿਕਾਰ ਹੋ ਗਈ। ਸਟੇਸ਼ਨ ਦੂਰ ਹੋਣ ਕਾਰਨ ਔਰਤ ਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ। ਜੇ ਤੁਰੰਤ ਕੁਝ ਨਾ ਕੀਤਾ ਜਾਂਦਾ ਤਾਂ ਮਾਂ ਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਸੀ।
ਔਰਤ ਜਦੋਂ ਜਣੇਪੇ ਕਾਰਨ ਦਰਦ ਨਾਲ ਤੜਪ ਰਹੀ ਸੀ ਤਾਂ ਉਸ ਦੀ ਅਵਾਜ਼ ਉਸੇ ਡੱਬੇ ਚ ਯਾਤਰਾ ਕਰ ਰਹੀ ਫੌਜ ਦੇ 172ਵੇਂ ਮਿਲਟਰੀ ਹਸਪਤਾਲ ਦੀਆਂ ਦੋ ਡਾਕਟਰਾਂ ਕੈਪਟਨ ਲਲੀਤਾ ਅਤੇ ਕੈਪਟਨ ਅਮਨਦੀਪ ਦੇ ਕੰਨਾਂ ਤਕ ਪਹੁੰਚ ਗਈ। ਦੋਵੇਂ ਔਰਤਾਂ ਪੀੜਤ ਦਾ ਜਣੇਪਾ ਕਰਵਾਉਣ ਲਈ ਤਿਆਰ ਹੋ ਗਈਆਂ। ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਜਣੇਪੇ ਦੀ ਤਿਆਰ ਕੀਤੀ ਗਈ ਤੇ ਦੋਵਾਂ ਡਾਕਟਰਾਂ ਨੇ ਔਰਤ ਦਾ ਸੁਰੱਖਿਅਤ ਜਣੇਪਾ ਕਰਵਾਇਆ।
ਜਣੇਪਾ ਸਫਲ ਰਿਹਾ ਤੇ ਇਸ ਮਾਮਲੇ ਤੇ ਫ਼ੌਜ ਦੇ ਵਧੀਕ ਡਾਇਰੈਕਟਰ ਜਨਰਲ ਨੇ ਆਰਮੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, 'ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ।'
ਇਸ ਕੰਮ ਲਈ ਫੌਜ ਦੀਆਂ ਮਹਿਲਾ ਡਾਕਟਰਾਂ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਬੱਚੇ ਦੀ ਮਾਂ ਨੇ ਵੀ ਦੋਵਾਂ ਡਾਕਟਰਾਂ ਦਾ ਧੰਨਵਾਦ ਕੀਤਾ ਹੈ।