ਲੁਟੇਰੇ ਤਾਂ ਬਹੁਤ ਦੇਖੇ ਹੋਣਗੇ ਪਰ ਸ਼ਾਇਦ ਹੀ ਤੁਸੀਂ ਅਜਿਹਾ ਲੁਟੇਰਾ ਦੇਖਿਆ ਹੋਵੇਗਾ ਜਿਹੜਾ ਤੁਹਾਨੂੰ ਤੁਹਾਡੀ ਅਮੀਰੀ ਦੇ ਮੁਤਾਬਕ ਲੁੱਟ ਦਾ ਸ਼ਿਕਾਰ ਬਣਾਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡਆ ਤੇ ਕਾਫੀ ਵਾਇਰਲ ਹੋ ਰਿਹਾ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਘਟਨਾ ਚੀਨ ਦੇ ਸ਼ਹਿਰ ਹੇਯੂਆਨ ਦੀ ਹੈ। ਜਿੱਥੇ ਇਕ ਲੜਕੀ ਏਟੀਐਮ ਮਸ਼ੀਨ ਤੇ ਪੈਸੇ ਕਢਵਾਉਣ ਜਾਂਦੀ ਹੈ ਤੇ ਅਚਾਨਕ ਉਹ ਲੁੱਟ ਦਾ ਸ਼ਿਕਾਰ ਹੋ ਜਾਂਦੀ ਹੈ।
ਦਰਅਸਲ, ਜਿਵੇਂ ਹੀ ਇਹ ਲੜਕੀ ਏਟੀਐਮ ਮਸ਼ੀਨ ਚੋਂ ਆਪਣੇ 2500 ਯੂਆਨ ਕਢਵਾ ਕੇ ਗਿਨਣ ਲੱਗਦੀ ਹੈ ਤਾਂ ਅਚਾਨਕ ਉਸ ਤੇ ਪਹਿਲਾਂ ਤੋਂ ਹੀ ਨਜ਼ਰ ਰੱਖ ਰਿਹਾ ਇਕ ਲੁਟੇਰਾ ਉਸ ਕੋਲ ਆ ਕੇ ਚਾਕੂ ਦੀ ਨੌਕ ਤੇ ਉਸਦੇ ਸਾਰੇ ਪੈਸੇ ਖੋਹ ਲੈਂਦਾ ਹੈ। ਇਸ ਮੌਕੇ ਲੜਕੀ ਬੇਹੱਦ ਘਬਰਾ ਜਾਂਦੀ ਹੈ ਤੇ ਖੁੱਦ ਦੀ ਕਮਾਈ ਦੇ ਪੈਸੇ ਲੁਟੇਰੇ ਵਲੋਂ ਲੁੱਟ ਲਏ ਜਾਣ ਦਾ ਅਫ਼ਸੋਸ ਮਨਾਉਣ ਲੱਗਦੀ ਹੈ।
ਲੁਟੇਰਾ ਲੜਕੀ ਤੋਂ ਸਾਰੇ ਪੈਸੇ ਖੋਹਣ ਤੋਂ ਬਾਅਦ ਉਸਦੇ ਏਟੀਐਮ ਮਸ਼ੀਨ ਚ ਬਕਾਇਆ ਚੈੱਕ ਕਰਦਾ ਹੈ। ਖਾਤੇ ਦਾ ਬਕਾਇਆ ਦੇਖ ਕੇ ਲੁਟੇਰੇ ਦੇ ਵੀ ਹੋਸ਼ ਉੱਡ ਜਾਂਦੇ ਹਨ ਤੇ ਉਹ ਲੜਕੀ ਦਾ ਬੈਂਕ ਬੈਲੰਸ ਜ਼ੀਰੋ ਦੇਖਣ ਮਗਰ਼ੋਂ ਲੜਕੀ ਤੇ ਜ਼ੋਰ–ਜ਼ੋਰ ਦੀ ਹੱਸਣ ਲੱਗ ਪੈਂਦਾ ਹੈ।
ਇਸ ਦੌਰਾਨ ਉਹ ਲੜਕੀ ਤੋਂ ਲੁੱਟੇ ਹੋਏ ਸਾਰੇ ਪੈਸੇ ਵਾਪਸ ਮੋੜ ਦਿੰਦਾ ਹੈ ਤੇ ਹੱਸਦਾ ਹੋਇਆ ਅੱਗੇ ਲੰਘ ਜਾਂਦਾ ਹੈ। ਜਿਸ ਤੋਂ ਬਾਅਦ ਲੁੱਟ ਦਾ ਸ਼ਿਕਾਰ ਬਣੀ ਇਹ ਲੜਕੀ ਸੋਚਾਂ ਚ ਪੈ ਜਾਂਦੀ ਹੈ ਕਿ ਆਖ਼ਰ ਲੁਟੇਰਾ ਉਸ ਤੋਂ ਲੁੱਟੀ ਹੋਈ ਰਕਮ ਵਾਪਸ ਮੋੜ ਕੇ ਉਸਦੀ ਗਰੀਬੀ ਦਾ ਮਜ਼ਾਕ ਉਡਾ ਕੇ ਹੱਸਦਾ ਹੋਇਆ ਲੰਘ ਗਿਆ। ਲੜਕੀ ਇਹੀ ਸੋਚਦੀ ਰਹਿ ਜ਼ਾਂਦੀ ਹੈ ਕਿ ਸ਼ਾਇਦ ਉਸਨੂੰ ਲੜਕੀ ਦੀ ਹੈਸੀਅਤ ਤੇ ਰਹਿਮ ਆ ਗਿਆ ਹੋਵੇਗਾ।
ਇਹ ਸਾਰੀ ਘਟਨਾ ਏਟੀਐਮ ਬਾਕਸ ਚ ਲਗੇ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਚ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੋਣ ਮਗਰੋਂ ਕਈ ਲੋਕ ਲੁਟੇਰੇ ਦੀ ਤਾਰੀਫ਼ ਵੀ ਕਰ ਰਹੇ ਹਨ।