ਅਗਲੀ ਕਹਾਣੀ

ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੋਂ ਹਟਾਏ ਗਏ ਭੰਗੜਾ–ਡਾਂਸਰਾਂ ਦੇ ਬੁੱਤ

Thu, 30 Jan 2020 06:28 PM IST

ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਲੱਗੇ ਡਾਂਸਰਾਂ (ਨਚਾਰਾਂ) ਦੇ ਬੁੱਤ ਅੱਜ ਹਟਾ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕਾਰਨ ਅੰਮ੍ਰਿਤਸਰ ਦੀ ਸਿੱਖ ਸੰਗਤ ’ਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ।
ਪਿਛਲੇ ਕਈ ਦਿਨਾਂ ਤੱਕ ਇੱਥੇ ਕੁਝ ਸਿੱਖ ਜੱਥੇਬੰਦੀਆਂ ਨੇ ਇਸੇ ਮੁੱਦੇ ਨੂੰ ਲੈ ਕੇ ਰੋਸ ਮੁਜ਼ਾਹਰਾ ਵੀ ਕੀਤਾ ਸੀ ਤੇ ਧਰਨੇ ਵੀ ਦਿੱਤੇ ਸਨ। ਦਰਅਸਲ, ਇਨ੍ਹਾਂ ਬੁੱਤਾਂ ਦੀ ਰਾਤ ਸਮੇਂ ਤੋੜ–ਭੰਨ ਤੋਂ ਬਾਅਦ ਇਹ ਮਾਮਲਾ ਭਖਿਆ ਸੀ।
ਇਨ੍ਹਾਂ ਬੁੱਤਾਂ ਦੀ ਤੋੜ–ਭੰਨ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰੋਸ ਧਰਨੇ ’ਤੇ ਬੈਠੇ ਸਿੰਘ ਤੇ ਸਿੰਘਣੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਤੇ ਇਹ ਬੁੱਤ ਹਟਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ।
ਮਾਮਲਾ ਭਖਦਾ ਵੇਖ ਕੇ ਹੀ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਭੰਗੜਾ ਤੇ ਗਿੱਧਾ ਪਾਉਂਦੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ।
ਮੁੱਖ ਮੰਤਰੀ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਅੱਜ ਸਵੇਰੇ ਹੀ ਇਹ ਬੁੱਤ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਇਸ ਮੁੱਦੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਇਸ ਮਾਮਲੇ ਦਾ ਹੱਲ ਲੱਭਣ ਲਈ ਬਾਕਾਇਦਾ ਇੱਕ ਕਮੇਟੀ ਵੀ ਕਾਇਮ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ (ਸਮਾਨਾਂਤਰ) ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਵੀ ਇਹ ਬੁੱਤ ਸਥਾਪਤ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ।
ਦਰਅਸਲ, ਪਿਛਲੇ ਕੁਝ ਸਮੇਂ ਤੋਂ ‘ਸਿਫ਼ਤੀਂ ਦਾ ਘਰ’ – ਅੰਮ੍ਰਿਤਸਰ ਨੂੰ ਸਰਕਾਰ ਵੱਲੋਂ ਵਿਰਾਸਤੀ ਦਿੱਖ ਮੁਹੱਈਆ ਕਰਵਾਈ ਜਾ ਰਹੀ ਹੈ। ਉਸੇ ਲੜੀ ’ਚ ਅੰਮ੍ਰਿਤਸਰ ਦੇ ਇਸ ਵਿਰਾਸਤੀ ਮਾਰਗ ’ਤੇ ਇਹ ਬੁੱਤ ਸਥਾਪਤ ਕੀਤੇ ਜਾ ਰਹੇ ਹਨ।
ਅੱਜ ਇਹ ਬੁੱਤ ਇਸ ਵਿਰਾਸਤੀ ਮਾਰਗ ਤੋਂ ਹਟਾ ਤਾਂ ਦਿੱਤੇ ਗਏ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਹੁਣ ਇਨ੍ਹਾਂ ਨੂੰ ਕਿੱਥੇ ਸਥਾਪਤ ਕੀਤਾ ਜਾਵੇਗਾ।