ਆਮ ਆਦਮੀ ਪਾਰਟੀ (ਆਪ) ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 200 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਇਸ ਲਈ ਪਾਰਟੀ ਦਾ ਐਲਾਨ ਪੱਤਰ ਲਗਭਗ ਤਿਆਰ ਹੈ। ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਤੋਂ ਵਿਧਾਇਕ ਅਲਕਾ ਲਾਂਬਾ ਨੇ ਦੱਸਿਆ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 50 ਉਮੀਦਵਾਰਾਂ ਦੀ ਸੂਚੀ ਛੇਤੀ ਹੀ ਘੋਸ਼ਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਲੋਕ ਬਦਲਾਵ ਦੀ ਇੱਛਾ ਰੱਖਦੇ ਹਨ, ਇਸ ਲਈ ਪਾਰਟੀ ਉਨ੍ਹਾਂ ਨੂੰ ਵਿਕਲਪ ਦੇਣਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਜਮੇਰ ਦੇ ਤੀਰਥਰਾਜ ਪੁਸ਼ਕਰ ਤੋਂ ਰਿਆਜ਼ ਅਬਦੁੱਲ ਮਨਸੂਰੀ ਅਤੇ ਬਿਆਵਰ ਤੋਂ ਮਨਜੀਤ ਸਿੰਘ ਹੁੱਡਾ ਦੀ ਉਮੀਦਵਾਰੀ ਤੈਅ ਹੈ। ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਅੱਗੇ ਵਧਦੀ ਜਾ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵਿਕਾਸ ਲਈ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲੇ ਤਾਂ ਸੁਤੰਤਰ ਤੌਰ 'ਤੇ ਵਿਕਾਸ ਕੀਤਾ ਜਾ ਸਕੇ।
10 ਸਤੰਬਰ ਭਾਰਤ ਬੰਦ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਪਾਰਟੀ ਦਾ ਸਮਰਥਨ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੇ ਮੁੱਦੇ 'ਤੇ ਹੈ ਕਿਉਂਕਿ ਇਹ ਮੁੱਦਾ ਆਮ ਲੋਕਾਂ ਦਾ ਮੁੱਦਾ ਹੈ ਅਤੇ ਸਾਡੀ ਪਾਰਟੀ ਜਨਤਾ ਦੇ ਨਾਲ ਖੜ੍ਹੀ ਹੈ।