ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੀ ਰਿਪੋਰਟ ਬਾਰੇ "ਕਲਪਨਾਤਮਕ" ਸਿੱਟੇ ਕੱਢ ਰਹੇ ਹਨ।
ਅਕਾਲੀ ਦਲ ਦੇ ਤਰਜਮਾਨ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸੱਚਾ ਸੌਦਾ ਨਾਲ ਸੌਦੇਬਾਜ਼ੀ ਲਈ 100 ਕਰੋੜ ਰੁਪਏ ਦਿੱਤੇ ਗਏ ਸਨ, ਇਸ ਤਰ੍ਹਾਂ ਦਾ ਕੋਈ ਦਾਅਵਾ ਰਿਪੋਰਟ ਵਿੱਚ ਨਹੀਂ ਕੀਤਾ ਗਿਆ।
ਉਹ ਬੋਲੇ ਕਿ ਰਿਪੋਰਟ ਵਿੱਚ ਸਾਬਕਾ ਐਮ.ਐਲ.ਏ ਹਰਬੰਸ ਜਲਾਲ ਦੇ ਕਮਿਸ਼ਨ ਨੂੰ ਲਿਖੇ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸੁਖਬੀਰ ਬਾਦਲ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਮਬੁੰਈ ਨਿਵਾਸ 'ਤੇ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਤੇ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਮੁਆਫ ਕਰ ਦੇਣ ਦੀ ਸੌਦੇਬਾਜ਼ੀ ਕਰਨ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੇ ਸਨ। ਹਾਲਾਂਕਿ ਜਦੋਂ ਪੈਨਲ ਨੇ ਜਲਾਲ ਨੂੰ ਆਪਣਾ ਬਿਆਨ ਦਰਜ ਕਰਾਉਣ ਜਾਂ ਚਿੱਠੀ 'ਤੇ ਦਸਤਖਤ ਕਰਨ ਲਈ ਬੁਲਾਇਆ ਗਿਆ ਸੀ ਤਾਂ ਉਹ ਨਹੀਂ ਆਏ।
ਗਰੇਵਾਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਇੱਕ ਦਿਨ ਮਗਰੋਂ ਜਾਖੜ ਨੇ ਮੰਗ ਕੀਤੀ ਕਿ ਸੁਖਬੀਰ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਜ਼ਰੂਰਤ ਹੈ। "ਸੁਖਬੀਰ ਦੀ ਭੂਮਿਕਾ ਬਾਰੇ ਰਿਪੋਰਟ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਜਾਖੜ ਕਮਿਸ਼ਨ ਦੀ ਰਿਪੋਰਟ ਨੂੰ ਗਲਤ ਤਰੀਕੇ ਨਾਲ ਦਰਸਾ ਰਹੇ ਹਨ ਜਾਂ ਫਿਰ ਉਨ੍ਹਾਂ ਨੇ ਰਿਪੋਰਟ ਨੂੰ ਨਹੀਂ ਪੜ੍ਹਿਆ। ਜਾਖੜ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਿੱਚ ਲੱਗੇ ਹੋਏ ਹਨ। ਪਰ ਉਨ੍ਹਾਂ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ।