ਸੀਨੀਅਰ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ। ਸਿੱਬਲ ਨੇ ਕਿਹਾ ਕਿ ਉਹ ਜਦੋਂ ਵੀ ਅਤੇ ਜਿੱਥੇ ਮਰਜ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਨਾਲ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਉੱਤੇ ਬਹਿਸ ਕਰਨ ਲਈ ਤਿਆਰ ਹਨ।
ਕਪਿਲ ਸਿੱਬਲ ਨੇ ਸਰਕਾਰ ਉੱਤੇ ਸੀਏਏ, ਐਨਆਰਸੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ 9 ਦਾਅਵੇ ਕੀਤੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦਿੱਤੀ ਸੀ।
ਲਖਨਊ ਦੀ ਰੈਲੀ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਕਾਨੂੰਨ ਨੂੰ ਪੜ੍ਹਨ ਅਤੇ ਇਹ ਦੱਸਣ ਕਿ ਕਿੱਥੇ ਲਿਖਿਆ ਹੋਇਆ ਹੈ ਕਿ ਸੀਏਏ ਦੀ ਨਾਗਰਿਕਤਾ ਖੋਹੀ ਜਾ ਸਕਦੀ ਹੈ।
ਇਸ ਨੂੰ ਉਲਟਾਉਂਦੇ ਹੋਏ ਸਿੱਬਲ ਨੇ ਸਰਕਾਰ 'ਤੇ ਸੀਏਏ, ਐਨਆਰਸੀ ਅਤੇ ਐਨਪੀਆਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰ ਵੱਖ-ਵੱਖ ਬਿਆਨ ਦੇਵੇਗੀ ਤਾਂ ਦੇਸ਼ ਦੇ ਲੋਕ ਉਨ੍ਹਾਂ ‘ਤੇ ਕਿਵੇਂ ਵਿਸ਼ਵਾਸ ਕਰਨਗੇ। ਸਰਕਾਰ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਚਾਹੀਦਾ ਹੈ ਜੋ ਜਨਤਾ ਵਿਚ ਪੈਦਾ ਹੋ ਰਹੇ ਹਨ।