ਆਗਾਮੀ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਬਗਲ ਵੱਜ ਚੁੱਕਿਆ ਹੈ। ਜਿਨ੍ਹਾਂ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਨੇ, ਉਹ ਹਨ- ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ। ਇਨ੍ਹਾਂ ਪੰਜ ਰਾਜਾਂ ਵਿੱਚੋਂ ਤਿੰਨ ਵਿੱਚ ਭਾਜਪਾ ਦੀ ਸਰਕਾਰ ਹੈ। ਤੇਲੰਗਾਨਾ ਵਿੱਚ ਤੇਲੰਗਾਨਾ ਰਾਸ਼ਟਰ ਸੰਮਤੀ (ਟੀ ਆਰ ਐਸ) ਤੇ ਮਿਜ਼ੋਰਮ ਵਿੱਚ ਕਾਂਗਰਸ ਦੀ ਸਰਕਾਰ ਹੈ। ਇੱਥੇ ਅਸੀਂ ਤੁਹਾਨੂੰ ਇਹਨਾਂ ਪੰਜ ਰਾਜਾਂ ਬਾਰੇ ਕੁਝ ਅੰਕੜੇ ਦੱਸਣ ਜਾ ਰਹੇ ਹਾਂ, ਜੋ ਜਾਣਨੇ ਮਹੱਤਵਪੂਰਨ ਹਨ:
.
ਮੱਧ-ਪ੍ਰਦੇਸ਼
ਮੱਧ ਪ੍ਰਦੇਸ਼ ਵਿੱਚ, ਪਿਛਲੀਆਂ ਚੋਣਾਂ ਨਵੰਬਰ 2013 ਵਿੱਚ ਹੋਈਆਂ ਸਨ ਤੇ 70.23 ਫ਼ੀਸਦੀ ਵੋਟਾਂ ਪਈਆਂ। 8 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਗਏ ਸਨ। 2013 ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। ਮੱਧ ਪ੍ਰਦੇਸ਼ ਵਿੱਚ ਕੁੱਲ 230 ਸੀਟਾਂ ਹਨ, ਇਸ 'ਚੋਂ ਭਾਜਪਾ ਨੂੰ 165, ਕਾਂਗਰਸ ਨੂੰ 58 ਅਤੇ ਬਸਪਾ ਨੂੰ 4 ਸੀਟਾਂ ਮਿਲੀਆਂ। ਭਾਜਪਾ ਸਰਕਾਰ ਬਣਨ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਜਸਥਾਨ
ਮੌਜੂਦਾ ਸਮੇਂ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਹੈ। ਰਾਜਸਥਾਨ ਵਿੱਚ ਭਾਜਪਾ ਸਰਕਾਰ ਹੈ. ਇੱਥੇ ਵੀ ਪਿਛਲੀਆਂ ਚੋਣਾਂ ਸਾਲ 2013 ਵਿੱਚ ਹੋਈਆਂ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ ਕਾਂਗਰਸ ਨੂੰ ਹਰਾਇਆ ਸੀ। ਰਾਜ ਵਿੱਚ 200 ਸੀਟਾਂ ਹਨ। ਇਸ ਵਿਚੋਂ ਜਨਰਲ ਲਈ 142, ਅਨੁਸੂਚਿਤ ਜਾਤੀ 33 ਅਤੇ ਅਨੁਸੂਚਿਤ ਜਾਤੀਆਂ ਲਈ 25 ਸੀਟਾਂ ਰਿਜ਼ਰਵ ਹਨ। ਪਿਛਲੀਆਂ ਚੋਣਾਂ ਵਿੱਚ ਮਤਦਾਨ 75.67% ਹੋਇਆ। ਚੋਣ ਨਤੀਜਿਆਂ 'ਚ ਭਾਜਪਾ ਦੀ ਸਰਕਾਰ ਨੇ 163 ਸੀਟਾਂ ਜਿੱਤੀਆਂ ਸਨ। ਕਾਂਗਰਸ ਦੇ ਖਾਤੇ ਵਿਚ ਸਿਰਫ 21 ਸੀਟਾਂ ਹੀ ਆਈਆਂ।
ਛੱਤੀਸਗੜ੍ਹ
ਛੱਤੀਸਗੜ੍ਹ ਇੱਕ ਹੋਰ ਰਾਜ ਹੈ ਜਿੱਥੇ ਭਾਜਪਾ ਸਰਕਾਰ ਬਹੁਤ ਲੰਮੇ ਸਮੇਂ ਤੋਂ ਰਹੀ ਹੈ। ਰਮਨ ਸਿੰਘ ਛੱਤੀਸਗੜ੍ਹ ਦੇ ਮੁੱਖ ਮੰਤਰੀ ਹਨ। 90 ਸੀਟਾਂ ਵਾਲੇ ਛੱਤੀਸਗੜ੍ਹ ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ., ਕਾਂਗਰਸ ਨੇ 39 ਸੀਟਾਂ ਜਿੱਤੀਆਂ। ਛੱਤੀਸਗੜ੍ਹ ਵਿੱਚ ਬਹੁਮਤ ਲਈ 46 ਸੀਟਾਂ ਦੀ ਜ਼ਰੂਰਤ ਪੈਂਦੀ ਹੈ।
ਮਿਜ਼ੋਰਮ
ਮਿਜ਼ੋਰਮ ਵਿੱਚ 40 ਸੀਟਾਂ ਹਨ, ਸੂਬੇ 'ਚ ਕਾਂਗਰਸ ਸਰਕਾਰ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 34 ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ ਮਿਜ਼ੋ ਨੈਸ਼ਨਲ ਫਰੰਟ ਦੇ ਖਾਤੇ ਵਿਚ 5 ਸੀਟਾਂ ਆਈਆਂ। ਮਿਜ਼ੋਰਮ ਪੀਪਲਜ਼ ਕਾਨਫਰੰਸ ਇਕ ਸੀਟ 'ਤੇ ਜਿੱਤੀ। ਪਿਛਲੀਆਂ ਚੋਣਾਂ ਵਿਚ ਭਾਜਪਾ ਨੂੰ ਮਿਜ਼ੋਰਮ ਵਿੱਚ ਇਕ ਵੀ ਸੀਟ ਨਹੀਂ ਮਿਲੀ. ਇਸ ਸਮੇਂ ਮਿਜ਼ੋਰਮ ਦੇ ਮੁੱਖ ਮੰਤਰੀ ਲਾਲਥਨਹਵਲਾ ਹਨ।
ਤੇਲੰਗਾਨਾ
ਤੇਲੰਗਾਨਾ ਵਿੱਚ 119 ਸੀਟਾਂ ਹਨ ਅਤੇ ਇੱਕ ਸੀਟ ਐਂਗਲੋ ਇੰਡੀਅਨ ਕਮਿਊਨਿਟੀ ਲਈ ਹੈ। ਪਿਛਲੀਆਂ ਚੋਣਾਂ ਵਿੱਚ ਟੀਆਰਐਸ ਨੂੰ 63 ਸੀਟਾਂ ਮਿਲੀਆਂ। ਇਸ ਤੋਂ ਇਲਾਵਾ ਕਾਂਗਰਸ ਨੂੰ 21, ਤੇਲਗੂ ਦੇਸ਼ਮ ਪਾਰਟੀ ਨੂੰ 15, ਏਆਈਐਮਆਈਐਮ ਨੂੰ 7, ਭਾਜਪਾ ਨੂੰ 5 ਅਤੇ ਹੋਰਾਂ ਨੂੰ 8 ਸੀਟਾਂ ਮਿਲੀਆਂ ਸਨ।