ਅਗਲੇ ਵਰ੍ਹੇ 2019 ਦੌਰਾਨ ਦੇਸ਼ ਭਰ `ਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਪੰਜ ਪਾਰਟੀ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਹੈ। ਇਨ੍ਹਾਂ ਪੰਜ ਉਮੀਦਵਾਰਾਂ ਵਿੱਚੋਂ ਭਗਵੰਤ ਮਾਨ ਤੇ ਸਾਧੂ ਸਿੰਘ ਆਪਣੇ ਉਨ੍ਹਾਂ ਹੀ ਹਲਕਿਆਂ ਭਾਵ ਕ੍ਰਮਵਾਰ ਸੰਗਰੂਰ ਤੇ ਫ਼ਰੀਦਕੋਟ ਤੋਂ ਹੀ ਚੋਣ ਲੜਨਗੇ, ਜਿੱਥੋਂ ਉਹ ਹੁਣ ਐੱਮਪੀ ਹਨ। ਬਾਕੀ ਦੇ ਤਿੰਨ ਉਮੀਦਵਾਰਾਂ ਦੇ ਨਾਂਅ ਹਾਲੇ ਜੱਗ-ਜ਼ਾਹਿਰ ਨਹੀਂ ਕੀਤੇ ਗਏ।
ਸੂਤਰਾਂ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਨੂੰ ਬਠਿੰਡਾ ਤੋਂ ਸੰਸਦੀ ਚੋਣ ਲੜਨ ਦਾ ਵਿਕਲਪ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸੰਗਰੂਰ ਤੋਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ। ਭਗਵੰਤ ਮਾਨ ਨੇ ਬਠਿੰਡਾ ਸੀਟ ਤੋਂ ਚੋਣ ਮੈਦਾਨ 'ਚ ਉਤਰਨ ਨੂੰ ਨਾਂਹ ਕਰ ਦਿੱਤੀ. ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਫ ਕਰ ਚੁੱਕਿਆ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਵਾਰ ਵੀ ਬਠਿੰਡਾ ਸੀਟ ਤੋਂ ਹੀ ਚੋਣ ਲੜੇਗੀ.
ਭਗਵੰਤ ਮਾਨ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ,‘ਪਾਰਟੀ ਨੇ ਮੈਨੁੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਮੈਂ ਇਸ ਨੂੰ ਪ੍ਰਵਾਨ ਕਰਾਂਗਾ। ਮੈਂ ਇਸੇ ਹਲਕੇ ਦਾ ਜੰਮਪਲ਼ ਹਾਂ ਤੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਇਸ ਹਲਕੇ ਵਿੱਚ ਕੰਮ ਕਰਦਾ ਰਿਹਾ ਹਾਂ।`