ਕੇਂਦਰੀ ਵਿੱਤ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਰੁਣ ਜੇਟਲੀ ਨੇ ਆਪਣੇ ਫ਼ੇਸਬੁੱਕ ਬਲੌਗ ਉੱਤੇ ਆਪਣੀ ਇੱਕ ਤਾਜ਼ਾ ਪੋਸਟ ’ਤੇ ਦਾਅਵਾ ਕੀਤਾ ਹੈ ਕਿ ਕਾਂਗਰਸ ਮੌਜੂਦਾ ਲੋਕ ਸਭਾ ਚੋਣਾਂ 1971 ਦੇ ਏਜੰਡੇ ’ਤੇ ਲੜ ਰਹੀ ਹੈ।
ਸ੍ਰੀ ਜੇਟਲੀ ਦੀ ਇਸ ਪੋਸਟ ਦਾ ਸਿਰਲੇਖ ਹੈ – ‘ਕੀ ਕਾਂਗਰਸ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ?’ ਸ੍ਰੀ ਜੇਟਲੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉੱਤਰ–ਪੂਰਬੀ ਭਾਰਤ ਵਿੱਚ ਆਪਣਾ ਆਧਾਰ ਬਹੁਤ ਮਜ਼ਬੂਤ ਕੀਤਾ ਹੈ ਤੇ ਹੁਣ ਤਾਂ ਕਰਨਾਟਕ ਵੀ ਭਾਜਪਾ ਦੇ ਕੇਸਰੀ ਰੰਗ ਵਿੱਚ ਰੰਗਿਆ ਗਿਆ ਹੈ।
ਸ੍ਰੀ ਜੇਟਲੀ ਦੀ ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਖੇਤਰੀ ਪਾਰਟੀਆਂ ਅੱਗੇ ਚੱਲ ਰਹੀਆਂ ਹਨ; ਜਦ ਕਿ ਦੋਵੇਂ ਰਾਜਾਂ ਵਿੱਚ ਕਾਂਗਰਸ ਤੇ ਤੇਲਗੂ ਦੇਸਮ ਪਾਰਟੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ।
ਸ੍ਰੀ ਜੇਟਲੀ ਨੇ ਇਹ ਵੀ ਲਿਖਿਆ ਹੈ ਕਿ ਕਾਂਗਰਸ ਇਸ ਵੇਲੇ ਨਾ ਤਾਂ ਖੇਤਰੀ ਪਾਰਟੀਆਂ ਤੇ ਨਾ ਹੀ ਭਾਜਪਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਵੇਖਣਾ ਇਹ ਹੈ ਕਿ ਐਤਕੀਂ ਦੀਆਂ ਚੋਣਾਂ ਵਿੱਚ ਸਾਲ 2014 ਦੇ ਨਤੀਜੇ ਮੁੜ ਦੁਹਰਾਏ ਜਾਂਦੇ ਹਨ ਜਾਂ ਭਾਜਪਾ ਨੂੰ ਹੋਰ ਵੀ ਜ਼ਿਆਦਾ ਸੀਟਾਂ ਮਿਲਦੀਆਂ ਹਨ।