ਕਾਂਗਰਸ ਛੱਡਣ ਤੋਂ ਇਕ ਦਿਨ ਬਾਅਦ ਜੋਤੀਰਾਦਿੱਤਿਆ ਸਿੰਧੀਆ ਅੱਜ (ਬੁੱਧਵਾਰ) ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋਣਗੇ। ਸਾਬਕਾ ਕੇਂਦਰੀ ਮੰਤਰੀ ਦੁਪਹਿਰ ਵੇਲੇ ਭਾਜਪਾ ਦੀ ਮੈਂਬਰਸ਼ਿਪ ਲੈਣਗੇ। ਉਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ।
ਇਹ ਮੰਨਿਆ ਜਾਂਦਾ ਹੈ ਕਿ ਭਾਜਪਾ ਜੋਤੀਰਾਦਿੱਤਿਆ ਸਿੰਧੀਆ ਨੂੰ ਆਪਣੇ ਕੋਟੇ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਏਗੀ ਤੇ ਬਾਅਦ ਵਿਚ ਉਨ੍ਹਾਂ ਨੂੰ ਕੇਂਦਰ ਚ ਮੰਤਰੀ ਬਣਾਇਆ ਜਾ ਸਕਦਾ ਹੈ। ਸਿੰਧੀਆ ਨੇ ਮੰਗਲਵਾਰ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਦੋਵਾਂ ਨੇ ਆਪਣੀ ਰਿਹਾਇਸ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਸਿੰਧੀਆ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ। ਅਸਤੀਫ਼ੇ ਦੀ ਤਰੀਕ ਸੋਮਵਾਰ 9 ਮਾਰਚ ਸੀ। ਜਿਸ ਤੋਂ ਪਤਾ ਚੱਲਦਾ ਹੈ ਕਿ ਸਿੰਧੀਆ ਨੇ ਕਾਂਗਰਸ ਛੱਡਣ ਦੀ ਤਿਆਰੀ ਪਹਿਲਾਂ ਹੀ ਕਰ ਲਈ ਸੀ।