ਜੰਮੂ ਤੇ ਕਸ਼ਮੀਰ ਵਿੱਚ ਸ਼ਹਿਰੀ ਲੋਕਲ ਬਾਡੀ ਚੋਣਾਂ 'ਚ ਲੱਦਾਖ ਖੇਤਰ ਵਿੱਚ ਭਾਜਪਾ ਆਪਣਾ ਖਾਤਾ ਖੋਲ੍ਹਣ ਵਿਚ ਅਸਫਲ ਰਹੀ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਦੇ ਕੁੱਲ 26 ਵਾਰਡਾਂ ਵਿੱਚੋਂ ਕਾਂਗਰਸ ਨੇ ਲੇਹ ਨਗਰ ਪਾਲਿਕਾ ਕਮੇਟੀ ਦੀਆਂ ਸਾਰੀਆਂ 13 ਸੀਟਾਂ ਜਿੱਤੀਆਂ ਹਨ। ਪਾਰਟੀ ਨੇ ਨੇੜਲੇ ਕਾਰਗਿਲ ਜ਼ਿਲ੍ਹੇ ਦੇ ਪੰਜ ਵਾਰਡਾਂ ਉੱਤੇ ਵੀ ਜਿੱਤ ਪ੍ਰਾਪਤ ਕੀਤੀ।
ਅਧਿਕਾਰੀ ਨੇ ਕਿਹਾ ਕਿ ਆਜ਼ਾਦ ਉਮੀਦਵਾਰਾਂ ਨੇ ਛੇ ਸੀਟਾਂ ਜਿੱਤੀਆਂ। ਕੇਵਲ ਦੋ ਸੀਟਾਂ ਦੇ ਨਤੀਜੇ ਨਹੀਂ ਆਏ ਹਨ। ਲੱਦਾਖ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਥੁਪਸਤਾਨ ਛੇਵਾਂਗ ਸੰਸਦ ਮੈਂਬਰ ਹਨ। ਹਾਲਾਂਕਿ, 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਇਸ ਸੰਸਦੀ ਹਲਕੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚੋਂ ਤਿੰਨ ਜਿੱਤੇ ਸਨ। ਇੱਕ ਸੀਟ ਆਜ਼ਾਦ ਵਿਧਾਇਕ ਨੇ ਜਿੱਤੀ ਸੀ।
ਕਸ਼ਮੀਰ ਡਿਵੀਜ਼ਨ ਦੇ 208 ਵਾਰਡਾਂ ਵਿੱਚੋਂ, ਕਾਂਗਰਸ ਨੇ 70 ਵਾਰਡਾਂ 'ਤੇ ਜਿੱਤ ਦਰਜ ਕੀਤੀ, 53 ਵਾਰਡਾਂ'ਤੇ ਆਜ਼ਾਦ ਉਮੀਦਵਾਰਾਂ ਨੇ ਬਾਜੀ ਮਾਰੀ ਅਤੇ ਭਾਜਪਾ ਨੇ 21 ਸੀਟਾਂ ਜਿੱਤੀਆਂ. ਜਨਤਾ ਦਲ (ਯੂ) ਨੂੰ ਇਕ ਸੀਟ ਮਿਲੀ ਹੈ।
ਵੋਟਾਂ ਦੀ ਗਿਣਤੀ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧਾਂ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਪਾਸ ਲੈਣ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਨੇ ਹਿੱਸਾ ਨਹੀਂ ਲਿਆ। ਇਨ੍ਹਾਂ ਪਾਰਟੀਆਂ 'ਨੇ ਇਹ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਸੰਵਿਧਾਨ ਦੀ ਧਾਰਾ 35-ਏ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।