ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਅਕਾਲੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਕਿ ਅਕਾਲੀ ਦਲ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ।
ਪਾਰਟੀ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਇਕ ਪੱਤਰ ਵਿਚ 82 ਸਾਲਾ ਢੀਂਡਸਾ, ਜੋ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਰਹੇ ਨਨ ਤੇ ਕੋਰ ਕਮੇਟੀ ਦੇ ਮੈਂਬਰ ਹਨ, ਨੇ ਕਿਹਾ ਕਿ ਉਹ ਪਾਰਟੀ ਦੇ ਇੱਕ ਆਮ ਮੈਂਬਰ ਬਣੇ ਰਹਿਣਗੇ।
"ਲੰਬੇ ਸਮੇਂ ਤੋਂ, ਮੈਂ ਮਾਨਸਿਕ ਤੇ ਸਰੀਰਕ ਤੌਰ 'ਤੇ ਮਹਿਸੂਸ ਕਰ ਰਿਹਾ ਹਾ ਕਿ ਮੈਂ ਸਰਗਰਮ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਪਾਰੀ ਪੂਰੀ ਕਰ ਲਈ ਹੈ। ਹੁਣ, ਮੇਰੀ ਸਿਹਤ ਮੈਨੂੰ ਇਸ ਖੇਤਰ ਵਿੱਚ ਸਰਗਰਮ ਰਹਿਣ ਦੀ ਆਗਿਆ ਨਹੀਂ ਦਿੰਦੀ "।ਅਸਤੀਫੇ ਤੋਂ ਬਾਅਦ ਹੋਰਨਾਂ ਪਾਰਟੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਤੇ ਕਾਂਗਰਸ ਦੇ ਨੇਤਾ ਨੇ ਕਿਹਾ ਕਿ ਢੀਂਡਸਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਇਸ ਲਈ ਦਿੱਤਾ ਕਿਉਂਕਿ ਉਹ "ਘੁਟਨ" ਮਹਿਸੂਸ ਕਰ ਰਹੇ ਸਨ। ਪਾਰਟੀ ਦਾ ਨੁਕਸਾਨ ਹੁੰਦਾ ਵੇਖ ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਦੇ ਪੁੱਤ ਤੋਂ ਇਕ ਬਿਆਨ ਜਾਰੀ ਕਰਵਾ ਦਿੱਤਾ ਕਿ ਅਸਤੀਫੇ ਦਾ ਕਾਰਨ ਸਿਆਸੀ ਬਿਲਕੁਲ ਨਹੀਂ ਹੈ।
ਢੀਂਡਸਾ ਦੀ ਡਿੱਗ ਰਹੀ ਸਿਹਤ ਦੇ ਇਲਾਵਾ ਇੱਕ ਹੋਰ ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਨੂੰ ਮੰਨਿਆ ਜਾ ਰਿਹਾ ਹੈ।
ਸਾਬਕਾ ਕੇਂਦਰੀ ਮੰਤਰੀ ਢੀਂਡਸਾ ਫਰੀਦਕੋਟ ਵਿੱਚ 16 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ 'ਜਬਰ ਵਿਰੋਧ' ਰੈਲੀ 'ਚ ਗੈਰਹਾਜ਼ਰ ਸਨ, ਜਦੋਂ ਕਿ ਪਾਰਟੀ ਦੇ ਸਮੁੱਚੇ ਸੀਨੀਅਰ ਆਗੂ ਉੱਥੇ ਮੌਜੂਦ ਸਨ।
ਢੀਂਡਸਾ ਦੇ ਅਸਤੀਫੇ 'ਤੇ ਪ੍ਰਤੀਕਰਮ ਕਰਦਿਆਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਉੱਘੇ ਅਕਾਲੀ ਦਲ ਨੇੇਤਾ ਦਾ ਪਾਰਟੀ ਵਿੱਚ ਦਮ ਘੁੱਟ ਰਿਹਾ ਸੀ।
ਢੀਂਡਸਾ ਦੇ ਬੇਟੇ, ਪਰਮਿੰਦਰ ਸਿੰਘ ਢੀਂਡਸਾ ਜੋ ਕਿ 2012-17 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿੱਤ ਮੰਤਰੀ ਸਨ, ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅਸਤੀਫਾ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਲਈ ਵਚਨਬੱਧ ਸੀ ਤੇ ਹੈ, ਉਹ ਆਪਣੇ ਪਿਤਾ ਦੀ ਸੇਵਾਮੁਕਤੀ ਤੋਂ ਬਾਅਦ ਇਸ ਵਿਰਾਸਤ ਨੂੰ ਅੱਗੇ ਵਧਾਉਣਗੇ।
ਢੀਂਡਸਾ ਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਪਾਰਟੀ ਨਾਲ ਖੜ੍ਹੇ ਹਨ ਅਤੇ ਉਹ ਰਾਜ ਸਭਾ ਵਿੱਚ ਸੇਵਾ ਕਰਦੇ ਰਹਿਣਗੇ. ਉਨ੍ਹਾਂ ਕਿਹਾ ਕਿ ਪਿਤਾ ਨੇ ਬੀਮਾਰੀਆਂ ਦੇ ਕਾਰਨ ਪਾਰਟੀ ਦੇ ਕਰਤੱਵਾਂ ਨੂੰ ਤਿਆਗਣ ਦਾ ਫੈਸਲਾ ਕੀਤਾ ਹੈ। ਪਿਤਾ ਦੀ ਹਾਲ ਹੀ ਵਿੱਚ ਇੱਕ ਬਾਈਪਾਸ ਸਰਜਰੀ ਹੋ ਚੁੱਕੀ ਹੈ ਤੇ ਉਹ ਦਰਦ ਦੀਆਂ ਗੋਲੀਆਂ ਲੈਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੋਰ ਗਰੁੱਪ ਦੇ ਮੈਂਬਰ ਨੇ ਕਿਹਾ ਕਿ ਜੇਕਰ ਸਿਹਤ ਸਮੱਸਿਆਵਾਂ ਕਾਰਨ ਢੀਂਡਸਾ ਨੇ ਅਸਤੀਫ਼ਾ ਦਿੱਤਾ ਤਾਂ ਮੌਜੂਦਾ ਬੁਰੇ ਹਾਲਾਤਾਂ ਨੂੰ ਵੇਖਦੇ ਹੋਏ ਉਹ ਕੁਝ ਹੋਰ ਮਹੀਨਿਆਂ ਤੱਕ ਉਹ ਇਸਦਾ ਐਲਾਨ ਕਰਨ ਲਈ ਇੰਤਜ਼ਾਰ ਕਰ ਸਕਦੇ ਸਨ.। ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਆਗੂ ਨੇ ਦਾਅਵਾ ਕੀਤਾ ਕਿ ਢੀਂਡਸਾ ਪਾਰਟੀ ਦੇ ਫੈਸਲਿਆਂ ਤੋਂ ਖੁਸ਼ ਨਹੀਂ ਸਨ, ਖ਼ਾਸਕਰ ਹਾਰਡਕੋਰ ਸਿੱਖ ਮੁੱਦਿਆਂ 'ਤੇ।
ਢੀਂਡਸਾ ਇੱਕੋ ਸੀਨੀਅਰ ਆਗੂ ਸੀ ਜਿਸ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਸੀ, ਤੇ ਗੁਰਬਚਨ ਸਿੰਘ ਨੂੰ 2007 ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਲਈ ਜ਼ਿੰਮੇਵਾਰ ਦੱਸਿਆ ਸੀ।