ਪੇਂਡੂ ਵਿਕਾਸ, ਪੰਚਾਇਤ ਅਤੇ ਹਾਊਸਿੰਗ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਕੱਲ੍ਹ ਇੱਕ ਗੱਲ ਤੋਂ ਬੜੇ ਔਖੇ ਹਨ। ਉਹ ਹੈ ਲੋਕਾਂ ਦੀ ਉਨ੍ਹਾਂ ਦੇ ਪੈਰੀਂ-ਹੱਥ ਲਾਉਣ ਦੀ ਆਦਤ। ਇਸ ਆਦਤ ਤੋਂ ਨਿਜ਼ਾਤ ਪਾਉਣ ਲਈ ਮੰਤਰੀ ਜੀ ਵੱਡਾ ਕਦਮ ਚੁੱਕਿਆ।
ਬਾਜਵਾ ਨੇ ਆਪਣੇ ਸਰਕਾਰੀ ਦਫਤਰ ਦੇ ਬਾਹਰ ਨੋਟਿਸ ਲਗਵਾ ਦਿੱਤਾ ਕਿ ਕੋਈ ਉਨ੍ਹਾਂ ਦੇ ਪੈਰੀਂ ਹੱਥ ਨਾ ਲਾਵੇ। ਨੋਟਿਸ ਤੇ ਲਿਖਿਆ ਗਿਆ," ਬੇਨਤੀ, ਮਿਲਣ ਆਉਣ ਵਾਲੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਗੋਡੇ ਹੱਥ ਲਾ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਅਤੇ ਆਪ ਵੀ ਸ਼ਰਮਿੰਦਾ ਨਾ ਹੋਵੋ। "
ਇਹੋ ਜਿਹੇ ਨੋਟਿਸ ਹੀ ਆਪਣੇ ਸਰਕਾਰੀ ਘਰ ਦੇ ਬਾਹਰ ਤੇ ਸੈਕਟਰ 2 ਦੇ ਦਫਤਰ ਬਾਹਰ ਲਗਾਏ ਗਏ। ਬਾਜਵਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜੋ ਲੋਕ ਇਹ ਕੰਮ ਕਰਦੇ ਹਨ ਉਹ ਅਸਲ ਚ ਲੋਕਾਂ ਦੀ ਸੇਵਾ ਨਹੀਂ ਕਰਦੇ।
ਪਰ ਉੱਥੇ ਹੀ ਖੜ੍ਹੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਨੇ ਜਵਾਬ ਚ ਕਿਹਾ ਕਿ ਗੋਡੀ ਹੱਥ ਤਾਂ ਲੋਕ ਤੁਹਾਡੀ ਇੱਜ਼ਤ ਕਰਨ ਦੇ ਤੌਰ ਤੇ ਲਾਉਂਦੇ ਹਨ। ਪਰ ਬਾਜਵਾ ਨੇ ਵੀ ਇੱਕ ਤਕੜਾ ਜਵਾਬ ਖਿੱਚ ਕੇ ਮਾਰਿਆ," ਰਾਜਨੀਤੀ ਵਿੱਚ ਜਿਹੜੇ ਪੈਰੀਂ ਹੱਥ ਲਾਉਦੇ ਹਨ ਉਹ ਹੀ ਪੱਗ ਉਤਾਰ ਦੇ ਨੇ। "