ਮਹਾਰਾਸ਼ਟਰ ਦੇ ਸਾਬਕਾ ਮੰਤਰੀ ਹਰਸ਼ਵਰਧਨ ਪਾਟਿਲ ਬੁੱਧਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੰਗਲਵਾਰ ਨੂੰ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ। ਪਾਟਿਲ ਦੱਖਣੀ ਮੁੰਬਈ ਚ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਹਾਜ਼ਰੀ ਚ ਭਾਜਪਾ ਚ ਸ਼ਾਮਲ ਹੋਏ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਸਾਬਕਾ ਮੰਤਰੀ ਦੇ ਪਾਰਟੀ ਚ ਸ਼ਾਮਲ ਹੋਣ ਦੀ ਉਡੀਕ ਕਰ ਰਹੇ ਸਨ। ਫੜਨਵੀਸ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਰੀਏ ਕਾਰਨ ਭਾਜਪਾ ਵੱਲ ਖਿੱਚੇ ਗਏ ਹਨ।
ਪਾਟਿਲ ਪੁਣੇ ਜ਼ਿਲ੍ਹੇ ਦੀ ਇੰਦਾਪੁਰ ਸੀਟ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਪਰ 2014 ਦੀਆਂ ਵਿਧਾਨ ਸਭਾ ਚੋਣਾਂ ਐਨਸੀਪੀ ਦੇ ਦੱਤਾਤ੍ਰੇਯ ਭਰਣੇ ਤੋਂ ਨੇੜੇ ਦੇ ਫਰਕ ਨਾਲ ਹਾਰ ਗਏ। ਕਾਂਗਰਸ ਅਤੇ ਐਨਸੀਪੀ ਨੇ ਪਿਛਲੀਆਂ ਚੋਣਾਂ ਵੱਖਰੇ ਤੌਰ 'ਤੇ ਲੜੀਆਂ ਸਨ।
ਪਾਟਿਲ ਨੇ ਬਾਰਾਮਤੀ ਲੋਕ ਸਭਾ ਸੀਟ 'ਤੇ ਰਾਕਾਂਪਾ ਸੰਸਦ ਮੈਂਬਰ ਸੁਪ੍ਰੀਆ ਸੁਲੇ ਦੀ ਜਿੱਤ ਦਾ ਸਮਰਥਨ ਕੀਤਾ ਸੀ। ਉਨ੍ਹਾਂ ਉਮੀਦ ਪ੍ਰਗਟਾਈ ਸੀ ਕਿ ਬਦਲੇ ਚ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਦਾਪੁਰ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰੇਗੀ। ਇਹ ਸੀਟ ਬਾਰਾਮਤੀ ਲੋਕ ਸਭਾ ਹਲਕੇ ਵਿੱਚ ਪੈਂਦੀ ਹੈ।
.