UNSC : ਸੰਯੁਕਤ ਰਾਸ਼ਟਰ ਦੇ ਇਕ ਸਿਖਰ ਡਿਪਲੋਮੈਟ ਮੁਤਾਬਕ ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ’ਤੇ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖੇ ਜਾਣ ਬਾਅਦ ਪਾਕਿਸਤਾਨ ਦੇ ਸਾਥੀ ਦੇਸ਼ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਇਸ ਮਾਮਲੇ ਤੇ ਚਰਚਾ ਕਰਾਉਣ ਦੀ ਮੰਗ ਕੀਤੀ ਹੈ।
ਡਿਪਲੋਮੈਟ ਨੇ ਨਾਂ ਨਾ ਦੱਸਣ ਦੀ ਸ਼ਰਤ ਤੇ ਦਸਿਆ ਕਿ ਬੈਠਕ ਨੂੰ ਸੱਦਣ ਦੀ ਅਪੀਲ ਹਾਲ ਹੀ ਚ ਕੀਤੀ ਗਈ ਸੀ ਜਿਹੜੀ ਸ਼ੁੱਕਰਵਾਰ ਨੂੰ ਹੋ ਸਕਦੀ ਹੈ। ਉਨ੍ਹਾਂ ਦਸਿਆ ਕਿ ਬੀਜਿੰਗ ਦੇ ਨੇੜਲੇ ਸਾਥੀ ਪਾਕਿਸਤਾਨ ਨੇ ਇਸ ਬਾਰੇ ਚ ਅਗਸਤ ਮਹੀਨੇ ਚ ਸੁਰੱਖਿਆ ਕੌ਼ਸਲ ਦੇ ਪ੍ਰਧਾਨ ਪੋਲੈਂਡ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਚੀਨ ਨੇ ਸੁਰੱਖਿਆ ਕੌਂਸਲ ਦੀ ਕਾਰਜਸੂਚੀ ਚ ਸ਼ਾਮਲ 'ਭਾਰਤ-ਪਾਕਿਸਤਾਨ ਸਵਾਲ' ਤੇ ਚਰਚਾ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਤੇ ਚਰਚਾ ਲਈ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਰਵਾਇਤੀ ਮੰਗ ਕੀਤੀ ਹੈ।