ਅਕਾਲੀ ਪਾਰਟੀ ਵਿੱਚ ਲਗਾਤਾਰ ਹਲਚਲ ਨਜ਼ਰ ਆ ਰਹੀ ਹੈ। ਪਹਿਲਾ ਸੁਖਦੇਵ ਢੀਂਢਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਤੇ ਫ਼ਿਰ ਮਾਂਝੇ ਖੇਤਰ ਦੇ ਤਿੰਨ ਆਗੂਆਂ ਦੀ ਬਗ਼ਾਵਤ ਨੇ ਸਿਆਸਤ ਦੇ ਬਾਬਾ ਬੋਹਰ ਕਹੇ ਜਾਣ ਵਾਲੇ ਪ੍ਰਕਾਸ ਸਿੰਘ ਬਾਦਲ ਨੂੰ ਖੁਦ ਅੱਗੇ ਆ ਕੇ ਮੋਰਚਾ ਸੰਭਾਲ ਲੈਣ ਲਈ ਮਜ਼ਬੂਰ ਕਰ ਦਿੱਤਾ।
ਵੱਡੇ ਬਾਦਲ ਨੇ ਰਣਜੀਤ ਬ੍ਰਹਮਪੁਰਾ ਤੇ ਬਾਕੀ ਲੀਡਰਾਂ ਨੂੰ ਫ਼ੋਨ ਕਰਕੇ ਪਾਰਟੀ ਦੀ 7 ਅਕਤੂਬਰ ਨੂੰ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਲਈ ਸੱਦਾ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ 2017 ਦੀਆਂ ਚੋਣਾਂ ਤੋਂ ਬਾਅਦ ਬਾਦਲ ਨੂੰ ਖੁਦ ਅੱਗੇ ਆ ਕੇ ਪਾਰਟੀ ਦੀ ਕਮਾਨ ਸੰਭਾਲਣੀ ਪਈ। ਇਸ ਤੋਂ ਪਹਿਲਾ ਪਾਰਟੀ ਦੇ ਸਾਰੇ ਫੈਸਲੇ ਸਿਰਫ਼ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਹੀ ਲੈਂਦੇ ਆ ਰਹੇ ਸਨ।
ਹੁਣ ਬਹੁਤ ਕੁਝ ਉਨ੍ਹਾਂ ਦੇ ਸੰਕਟ ਪ੍ਰਬੰਧਨ ਦੇ ਹੁਨਰ 'ਤੇ ਨਿਰਭਰ ਕਰਦਾ ਹੈ ਕਿਉਂਕਿ ਅਸੰਤੁਸ਼ਟ ਲੀਡਰਾਂ ਨੂੰ ਦੋਬਾਰਾ ਮਨਾਉਣਾ ਤੇ ਪਾਰਟੀ ਦੇ ਪੰਥਕ ਆਧਾਰ ਨੂੰ ਕਾਇਮ ਰੱਖਣਾ ਕਹਿਣਾ ਤਾਂ ਅਸਾਨ ਹੈ ਪਰ ਅਜਿਹਾ ਕਰ ਪਾਉਣਾ ਬਹੁਤ ਮੁਸ਼ਕਿਲ। ਹਾਲਾਂਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਸੁਖਬੀਰ ਦੀ ਅਗਵਾਈ ਨੂੰ ਕੋਈ ਚੁਣੌਤੀ ਨਹੀਂ ਹੈ, ਗੁਜਰਾਲ ਨੇ ਚੱਲ ਰਹੇ ਸੰਕਟ ਨੂੰ ਵੀ ' ਅਸਥਾਈ' ਦੱਸਿਆ।
ਉਨ੍ਹਾਂ ਨੇ ਕਿਹਾ ਕਿ ਬਾਦਲ ਕੋਲ ਅਜੇ ਵੀ ਸਭ ਤੋਂ ਵੱਡੇ ਹਨ ਕਿਉਂਕਿ ਉਹ ਪਿਛਲੇ 60 ਸਾਲਾਂ ਤੋਂ ਪਾਰਟੀ ਵਿੱਚ ਹਨ।
"ਜੋ ਆਗੂ ਸਵਾਲ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇ ਤੇ ਬਾਦਲ ਸਾਬ੍ਹ ਸੁਖਬੀਰ ਨੂੰ ਵੀ ਸਲਾਹ ਮਸ਼ਵਰਾ ਦੇਣਗੇ ਅਤੇ ਸਭ ਕੁਝ ਪਾਰਟੀ ਵਿੱਚ ਛੇਤੀ ਹੀ ਆਮ ਹੋ ਜਾਵੇਗਾ। "