ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਬਣਨ ਲਈ ਅਪ੍ਰੈਲ ਚ ਵਾਪਸੀ ਹੋਣੀ ਲਗਭਗ ਤੈਅ ਮੰਨੀ ਜਾ ਰਹੀ ਹੈ। ਇਹ ਜਾਣਕਾਰੀ ਪਾਰਟੀ ਸੂਤਰਾਂ ਨੇ ਵੀਰਵਾਰ (20 ਫਰਵਰੀ) ਨੂੰ ਨਵੀਂ ਦਿੱਲੀ ਵਿਖੇ ਦਿੱਤੀ। ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹ ਜ਼ਿੰਮੇਵਾਰੀ ਬਜਟ ਸੈਸ਼ਨ ਤੋਂ ਬਾਅਦ ਵਿਸਾਖੀ ਦੇ ਤਿਉਹਾਰ ਦੇ ਨੇੜੇ ਚੁੱਕਣਗੇ।
ਰਾਹੁਲ ਗਾਂਧੀ ਨੂੰ ਕਈ ਮੰਗਾਂ ਚੁੱਕਣ ਤੋਂ ਬਾਅਦ 2017 ਚ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਗਿਆ ਸੀ, ਪਰ 2019 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਗਾਂਧੀ ਨੇ ਮਈ ਵਿਚ ਚੋਣ ਹਾਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਸੀ।
ਇੱਕ ਪਾਰਟੀ ਨੇਤਾ ਨੇ ਕਿਹਾ, "ਲੀਡਰ ਨੂੰ ਮਿਜ਼ੋਰਮ ਤੋਂ ਪੋਰਬੰਦਰ ਤੱਕ ਸਵੀਕਾਰਿਆ ਜਾਣਾ ਚਾਹੀਦਾ ਹੈ ਅਤੇ ਪਾਰਟੀ ਸਾਰੇ ਕਾਰਕਾਂ ਉੱਤੇ ਵਿਚਾਰ ਕਰ ਰਹੀ ਹੈ।"
ਉਨ੍ਹਾਂ ਕਿਹਾ, “ਕੋਈ ਵੀ ਸਾਨੂੰ ਆਪਣਾ ਆਗੂ ਚੁਣਨ ਲਈ ਮਾਰਗ ਦਰਸ਼ਨ ਨਹੀਂ ਕਰ ਸਕਦਾ। ਇਹ ਬਾਹਰੀ ਨਹੀਂ ਬਲਕਿ ਪਾਰਟੀ ਹੀ ਫੈਸਲਾ ਕਰੇਗੀ ਕਿ ਸਾਡੀ ਅਗਵਾਈ ਕੌਣ ਕਰੇਗਾ।”
ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੇ ਪਿਛਲੇ ਸਾਲ ਅਗਸਤ ਵਿੱਚ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਸੀ। ਹਾਲਾਂਕਿ ਬਹੁਤ ਸਾਰੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਸਮੇਤ ਪਾਰਟੀ ਪ੍ਰਧਾਨ ਅਤੇ ਸੀਡਬਲਯੂਸੀ ਮੈਂਬਰਾਂ ਦੀ ਚੋਣ ਦੀ ਮੰਗ ਕਰ ਰਹੇ ਹਨ। ਇਹ ਆਗੂ ਸੀਡਬਲਯੂਸੀ ਚੋਣਾਂ ਲਈ ਵਕਾਲਤ ਕਰ ਰਹੇ ਹਨ।
ਥਰੂਰ ਨੇ ਕਿਹਾ, "ਮੈਂ ਸੀਡਬਲਯੂਸੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਰਕੁਨਾਂ ਨੂੰ ਸਰਗਰਮ ਕਰਨ ਅਤੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੀਡਰਸ਼ਿਪ ਚੋਣਾਂ ਕਰਵਾਉਣ।"
ਕਾਂਗਰਸ ਨੇ ਥਰੂਰ ਅਤੇ ਹੋਰ ਨੇਤਾਵਾਂ ਦੇ ਬਿਆਨਾਂ 'ਤੇ ਤੁਰੰਤ ਪ੍ਰਤੀਕ੍ਰਿਆ ਦਿੱਤੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਜਿਹੜੇ ਲੋਕ ਸੀਡਬਲਯੂਸੀ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਵਾਨਿਤ ਮਤੇ ਨੂੰ ਪੜ੍ਹਨਾ ਚਾਹੀਦਾ ਹੈ ਜਿਸ ਨੇ ਸੋਨੀਆ ਗਾਂਧੀ ਨੂੰ ਪਾਰਟੀ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਸੀ।"
ਮਹਾਰਾਸ਼ਟਰ ਦੇ ਨੇਤਾ ਸੰਜੇ ਨਿਰੂਪਮ ਨੇ ਕਿਹਾ, “ਪਰਿਵਾਰ ਦੇ ਬਾਹਰ ਤੋਂ ਕੋਈ ਵੀ ਇਸ ਮੋੜ ’ਤੇ ਕਾਂਗਰਸ ਦੀ ਅਗਵਾਈ ਨਹੀਂ ਕਰ ਸਕਦਾ। ਰਾਹੁਲ ਗਾਂਧੀ ਇਕਲੌਤੇ ਨੇਤਾ ਹਨ ਜੋ ਪਾਰਟੀ ਦੀ ਅਗਵਾਈ ਕਰ ਸਕਦੇ ਹਨ ਅਤੇ ਇਸ ਨੂੰ ਬਚਾ ਸਕਦੇ ਹਨ। ਹੋਰ ਨੇਤਾ ਸਿਰਫ ਇਕ ਸਮੂਹ ਦੇ ਨੇਤਾ ਹੁੰਦੇ ਹਨ ਤੇ ਅਜਿਹੇ ਆਗੂ ਸਿਰਫ ਧੜੇਬੰਦੀ ਨੂੰ ਉਤਸ਼ਾਹਤ ਕਰਦੇ ਹਨ।”
ਨਿਰੂਪਮ ਦਾ ਜਵਾਬ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਬੇਟੇ ਸੰਦੀਪ ਦੀਕਸ਼ਿਤ ਦੇ ਇੱਕ ਇੰਟਰਵਿਊ ਤੋਂ ਬਾਅਦ ਆਇਆ ਹੈ, ਜਿਸ ਵਿੱਚ ਦੀਕਸ਼ਿਤ ਨੇ ਪਾਰਟੀ ਦੀ ਲਗਾਤਾਰ ਅਸਮਰੱਥਾ ਬਾਰੇ ਸਵਾਲ ਚੁੱਕੇ ਹਨ। ਦੀਕਸ਼ਿਤ ਨੇ ਸੀਨੀਅਰ ਨੇਤਾਵਾਂ ਦੇ ਨਾਵਾਂ ਦਾ ਸੁਝਾਅ ਵੀ ਦਿੱਤਾ ਜੋ ਪਾਰਟੀ ਲਈ ਫ਼ੈਸਲੇ ਲੈਣ ਵਿਚ 'ਵਧੇਰੇ' ਯੋਗਦਾਨ ਪਾ ਸਕਦੇ ਹਨ।
ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ ਤੇ ਇਕ ਵਾਰ ਫਿਰ ਪਾਰਟੀ ਦੇ ਅੰਦਰੋਂ ਲੀਡਰਸ਼ਿਪ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਪ੍ਰਧਾਨ ਹੁੰਦੇ ਤਾਂ ਚੋਣ ਨਤੀਜੇ ਵੱਖ-ਵੱਖ ਰਾਜਾਂ, ਖ਼ਾਸਕਰ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਬਿਹਤਰ ਹੋ ਸਕਦੇ ਸਨ।