ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ: ਰਾਜਨਾਥ ਸਿੰਘ

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ

––  ਨਕਸਲਵਾਦ ਦਾ ਖ਼ਾਤਮਾ ਕਰਨਾ ਸਾਡੀ ਵੱਡੀ ਪ੍ਰਾਪਤੀ

 

 

ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਮੰਨਣਾ ਹੈ ਕਿ ਆਉਂਦੀ 23 ਮਈ ਨੂੰ ਆਉਣ ਵਾਲਾ ਚੋਣ–ਨਤੀਜਾ ਕੰਧ ਉੱਤੇ ਲਿਖੀ ਇੱਕ ਅਜਿਹੀ ਇਬਾਰਤ ਹੈ, ਜਿਸ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਕਿ ਦੇਸ਼ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਨਰੇਂਦਰ ਮੋਦੀ ਹੀ ਦੋਬਾਰਾ ਪ੍ਰਧਾਨ ਮੰਤਰੀ ਬਣਨ ਤੇ ਭਾਜਪਾ ਵੱਧ ਮਜ਼ਬੂਤ ਬਹੁਮੱਤ ਨਾਲ ਸੱਤਾਧਾਰੀ ਹੋਵੇ। ਨਵੀਂ ਦਿੱਲੀ ਸਥਿਤ ਰਿਹਾਇਸ਼ਗਾਹ ਉੱਤੇ ਚੀਫ਼ ਐਡੀਟਰ ਸ਼ਸ਼ੀ ਸ਼ੇਖਰ ਤੇ ਵਿਸ਼ੇਸ਼ ਪ੍ਰਤੀਨਿਧ ਪੰਕਜ ਪਾਂਡੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਐੱਨਡੀਏ ਸਾਡੀ ਪ੍ਰਤੀਬੱਧਤਾ ਹੈ, ਕੋਈ ਮਜਬੂਰੀ ਨਹੀਂ। ਪੇਸ਼ ਹਨ ਉਸੇ ਲੰਮੀ ਗੱਲਬਾਤ ਦੇ ਕੁਝ ਅੰਸ਼:

 

 

ਤੁਸੀਂ ਗ੍ਰਹਿ ਮੰਤਰੀ ਵਜੋਂ ਪੰਜ ਸਾਲ ਸਫ਼ਲਤਾਪੂਰਬਕ ਬਿਤਾਏ। ਅਜਿਹੇ ਕਿਹਡੇ ਤਿੰਨ ਕੰਮ ਹਨ, ਜੋ ਤੁਹਾਨੂੰ ਬਹੁਤ ਤਸੱਲੀ ਦਿੰਦੇ ਹਨ?

ਇੱਕ ਤਾਂ ਨਕਸਵਾਦ ਤੋਂ ਪ੍ਰਭਾਵਿਤ ਦੇਸ਼ ਦੇ ਕਈ ਜ਼ਿਲ੍ਹੇ ਸਨ।  126 ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ।  35–40 ਅਜਿਹੇ ਸਨ, ਜੋ ਨਕਸਲਵਾਦ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਹੁਣ ਉੱਥੇ ਨਕਸਲਵਾਦ ਆਪਣੀਆਂ ਅੰਤਮ ਸਾਹਾਂ ਗਿਣ ਰਿਹਾ ਹੈ ਤੇ ਅੱਠ–ਨੌਂ ਜ਼ਿਲ੍ਹਿਆਂ ਤੱਕ ਹੀ ਸੁੰਗੜ ਕੇ ਰਹਿ ਗਿਆ ਹੈ। ਬਾਕੀ ਉੱਤਰ–ਪੂਰਬੀ ਭਾਰਤ ਵਿੱਚ ਵੀ ਅੱਤਵਾਦ ਦਾ ਖ਼ਾਤਮਾ ਕਰਨ ਵਿੱਚ ਬਹੁਤ ਕਾਮਯਾਬੀ ਮਿਲੀ ਹੈ। ਸਾਲ 1997 ਤੋਂ ਲੈ ਕੇ ਅੱਜ ਤੱਕ ਅੱਤਵਾਦ ਉੱਤੇ ਕੰਟਰੋਲ ਦੀ ਸਭ ਤੋਂ ਬਿਹਤਰ ਹਾਲਾਤ ਜੇ ਰਹੇ ਹਨ, ਤਾਂ ਉਹ ਪਿਛਲੇ ਦੋ–ਤਿੰਨ ਸਾਲਾਂ ਦੌਰਾਨ ਰਹੇ ਹਨ। ਤੀਜਾ ਕੰਮ ਕਹੀਏ, ਤਾਂ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਣ ਵਾਲੇ 20 ਹਜ਼ਾਰ ਸੰਗਠਨਾਂ ਨੂੰ ਮਿਲਣ ਵਾਲੀ ਵਿਦੇਸ਼ੀ ਸਹਾਇਤਾ ਨੂੰ ਅਸੀਂ ਰੱਦ ਕੀਤਾ ਹੈ।

 

 

ਅਜਿਹੇ ਕੋਈ ਤਿੰਨ ਕੰਮ, ਜੋ ਤੁਹਾਨੂੰ ਲੱਗਦਾ ਹੈ ਕਿ ਬਾਕੀ ਰਹਿ ਗਏ ਹੋਣ?

ਸਾਡੀ ਕੋਸ਼ਿਸ਼ ਸੀ ਕਿ ਨਕਸਲਵਾਦ ਦੀ ਸਮੱਸਿਆ ਦੇਸ਼ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇ। ਅੱਤਵਾਦ ਦੀ ਸਮੱਸਿਆ ਵੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇ। ਅਸੀਂ ਉਸੇ ਵੱਲ ਵਧ ਰਹੇ ਹਾਂ ਤੇ ਕਾਫ਼ੀ ਕਾਮਯਾਬੀ ਸਾਨੂੰ ਮਿਲੀ ਹੈ। ਉਂਝ ਮੈਂ ਆਪਣੇ ਨੀਮ–ਫ਼ੌਜੀ ਬਲਾਂ ਲਈ ਹੋਰ ਕੁਝ ਕਰਦਾ, ਤਾਂ ਮੈਨੂੰ ਹੋਰ ਵੀ ਜ਼ਿਆਦਾ ਤਸੱਲੀ ਮਿਲਦੀ।

 

 

ਤੁਹਾਡੀ ਕਸ਼ਮੀਰ ਨੀਤੀ ਸੰਭਲ਼ ਨਹੀਂ ਰਹੀ, ਇਹ ਮੰਨਦੇ ਹੋ?

ਕਸ਼ਮੀਰ ਦੀ ਸਮੱਸਿਆ ਬਹੁਤ ਪੁਰਾਣੀ ਹੈ, ਅਸੀਂ ਕਈ ਵੱਡੇ ਕਦਮ ਚੁੱਕੇ ਹਨ, ਪਹਿਲਾਂ ਤੋਂ ਉੱਥੋਂ ਹੁਣ ਹਾਲਾਤ ਕਾਫ਼ੀ ਸੁਖਾਵੇਂ ਹੋਏ ਹਨ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ, ਅਗਲੀ ਵਾਰ ਸਾਡੀ ਸਰਕਾਰ ਆਉਂਦੀ ਹੈ, ਤਾਂ ਅਸੀਂ ਉੱਥੋਂ ਦੇ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਕਰਨ ਵਿੱਚ ਕਾਮਯਾਬ ਹੋਵਾਂਗੇ।

 

 

ਕੁਝ ਮਾਹਿਰ ਆਖਦੇ ਹਨ ਕਿ ਤੁਸੀਂ ਉੱਥੇ ਸਰਕਾਰ ਬਣਾਉਣ ਦੀ ਜਲਦਬਾਜ਼ੀ ਨਹੀਂ ਕਰਦੇ, ਤਾਂ ਸ਼ਾਇਦ ਹਾਲਾਤ ਨਾਰਮਲ ਹੋ ਸਕਦੇ ਹਨ।

ਤਦ ਚੋਣਾਂ ਹੋਈਆਂ ਸਨ ਤੇ ‘ਸਿੰਗਲ ਲਾਰਜੈਸਟ ਪਾਰਟੀ’ ਹੋ ਕੇ ਪੀਡੀਪੀ ਆਈ ਸੀ। ਉਸ ਤੋਂ ਬਾਅਦ ਜੇ ਕੋਈ ਦੂਜੀ ਪਾਰਟੀ ਸੀ, ਤਾਂ ਉਹ ਭਾਜਪਾ ਸੀ। ਚੋਣਾਂ ਤੋਂ ਬਾਅਦ ਸਿੱਧੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ, ਤਾਂ ਉੱਥੋਂ ਦੇ ਲੋਕ–ਫ਼ਤਵੇ ਦੀ ਇਹ ਉਲੰਘਣਾ ਹੁੰਦੀ। ਇੱਕ ਸਹਿਮਤੀ ਬਣ ਗਈ ਕਿ ਕਿਸੇ ਇੱਕ ਨੂੰ ਸਪੱਸ਼ਟ ਬਹੁਮੱਤ ਹਾਸਲ ਨਹੀਂ ਹੋਈ, ਤਾਂ ਘੱਟੋ–ਘੱਟ ਦੋ ਸਿਆਸੀ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਣ, ਤਾਂ ‘ਘੱਟੋ–ਘੱਟ ਸਾਂਝੇ ਪ੍ਰੋਗਰਾਮ’ ਦੇ ਆਧਾਰ ਉੱਤੇ ਉਹ ਸਰਕਾਰ ਸਾਨੂੰ ਬਣਾਉਣੀ ਚਾਹੀਦੀ ਹੈ। ਪਰ ਇਹ ਪ੍ਰਯੋਗ ਸਾਡੇ ਲੋਕਾਂ ਨੂੰ ਜੋ ਆਸ ਸੀ, ਉਸ ਮੁਤਾਬਕ ਨਤੀਜੇ ਨਹੀਂ ਦੇ ਸਕਿਆ।

 

 

ਜਦੋਂ ਤੁਸੀਂ ਕੇਂਦਰ ਵਿੱਚ ਸੱਤਾ ਸੰਭਾਲੀ ਸੀ, ਤਦ ਕਿਹਾ ਜਾਂਦਾ ਸੀ ਕਿ ਸੌ ਦੇ ਲਗਭਗ ਕੱਟੜ ਅੱਤਵਾਦੀ ਕਸ਼ਮੀਰ ਵਾਦੀ ਵਿੱਚ ਹਨ। ਅੱਜ ਪੰਜ ਸੌ ਤੋਂ ਉੱਤੇ ਹਨ। ਤਦ ਬਾਹਰਲੇ ਅੱਤਵਾਦੀ ਹੀ ਵੱਧ ਸਨ, ਅੱਜ ਕਸ਼ਮੀਰ ਵਾਦੀ ਦੇ ਹੀ ਨੌਜਵਾਨ ਅੱਤਵਾਦੀ ਬਣ ਰਹੇ ਹਨ। ਇਸ ਬਾਰੇ ਸਰਕਾਰ ਕੀ ਸੋਚਦੀ ਹੈ?

ਕੱਟੜਪੰਥੀ ਨੂੰ ਖ਼ਤਮ ਕਰਨ ਦਾ ਸਿਲਸਿਲਾ ਵੀ ਅਸੀਂ ਸ਼ੁਰੂ ਕੀਤਾ ਹੈ ਤੇ ਮੈਂ ਕਹਿ ਸਕਦਾ ਹਾਂ ਕਿ ਪਹਿਲਾਂ ਜਿੰਨੀ ਤੇਜ਼ੀ ਨਾਲ ਦੇਸ਼ ਵਿੱਚ ਦਹਿਸ਼ਤਗਰਦੀ ਉੱਥੇ ਖੜ੍ਹੇ ਹੋ ਰਹੇ ਸਨ, ਉਸ ਵਿੱਚ ਥੋੜ੍ਹੀ ਕਮੀ ਆਈ ਹੈ ਕਿਉਂਕਿ ਹੁਣ ਇਸ ਅੱਤਵਾਦ ਰੋਕਣ ਲਈ ਅਸੀਂ ਲੋਕਾਂ ਨੇ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ।

 

 

ਅਯੁੱਧਿਆ ਦੇ ਰਾਮ ਮੰਦਿਰ ਦਾ ਵੀ ਇੱਕ ਮੁੱਦਾ ਹੈ। ਤੁਹਾਡੇ ਚੋਣ–ਮੈਨੀਫ਼ੈਸਟੋ ਵਿੱਚ ਭਾਵੇਂ ਉਹ ਕੁਝ ਹੇਠਾਂ ਸੀ, ਪਰ ਉਹ ਸੀ। ਉਹ ਪਿੱਛੇ ਰਹਿ ਗਿਆ?

ਵੇਖੋ, ਹੁਣ ਉਹ ਮਾਮਲਾ ਅਦਾਲਤ ਵਿੱਚ ਹੈ, ਤਾਂ ਯਕੀਨੀ ਤੌਰ ਉੱਤੇ ਸਾਨੂੰ ਅਦਾਲਤੀ ਫ਼ੈਸਲੇ ਦੀ ਉਡੀਕ ਕਰਨੀ ਹੋਵੇਗੀ। ਸੁਪਰੀਮ ਕੋਰਟ ਵਿੱਚ ਸਮਝੌਤੇ ਲਈ ਆਪਸੀ ਗੱਲਬਾਤ ਦੇ ਮਾਧਿਅਮ ਰਾਹੀਂ ਇਸ ਨੂੰ ਸੁਲਝਾਉਣ ਲਈ ਉਨ੍ਹਾਂ ਇੱਕ ਕਮੇਟੀ ਬਣਾਈ ਹੋਈ ਹੈ। ਦੋਵੇਂ ਧਿਰਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਉਸ ਦੇ ਨਤੀਜਿਆਂ ਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ।

 

 

ਤੁਸੀਂ ਘੱਟ–ਗਿਣਤੀਆਂ ਨੂੰ ਇਹ ਸਿਹਰਾ ਦਿੱਤਾ ਸੀ ਕਿ ਉਨ੍ਹਾਂ ਦੇਸ਼ ਦੀ ਫ਼ਿਜ਼ਾ ਵਿਗੜਨ ਨਹੀਂ ਦਿੱਤੀ ਪਰ ਤੁਹਾਡੀ ਪਾਰਟੀ ਦੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪਾਕਿਸਤਾਨ ਭੇਜਣ ਲੱਗਦੇ ਹਨ। ਤੁਹਾਡੇ ਕੁਝ ਆਗੂ ਮਾੜਾ ਮਾਹੌਲ ਪੈਦਾ ਕਰਨ ਦਾ ਜਤਨ ਕਰਦੇ ਹਨ। ਉਨ੍ਹਾਂ ਲਈ ਤੁਸੀਂ ਅੰਦਰਲੀ ਫ਼ੋਰਮ ਉੱਤੇ ਕੁਝ ਕਰਦੇ ਹੋ?

ਇਸ ਸੱਚਾਈ ਨੂੰ ਭਾਰਤੀ ਜਨਤਾ ਪਾਰਟੀ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਅਸੀਂ ਭਾਰਤ ਨੂੰ ਇੱਕ ਮਜ਼ਬੂਤ, ਸਵੈ–ਮਾਣ ਭਰਪੂਰ, ਸੁਤੰਤਰ ਤੇ ਅਮੀਰ ਦੇਸ਼ ਬਣਾਉਣਾ ਚਾਹੁੰਦੇ ਹਾਂ, ਤਾਂ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਇਹੋ ਸਾਡਾ ਜਤਨ ਰਹਿੰਦਾ ਹੈ।

 

 

ਤੁਸੀਂ ਸਰਕਾਰ ਵਿੱਚ ਨੰਬਰ ਦੋ ਦੀ ਹੈਸੀਅਤ ਵਿੱਚ ਹੋ, ਤੁਸੀਂ ਸਭ ਤੋਂ ਸਫ਼ਲ ਪਾਰਟੀ ਪ੍ਰਧਾਨ ਰਹੇ। ਹੁਣ ਅਗਲੀਆਂ ਚੋਣਾਂ ’ਚ ਕੀ ਹੋਣ ਜਾ ਰਿਹਾ ਹੈ?

ਮੈਨੂੰ ਪੂਰੀ ਤਰ੍ਹਾਂ ਤਸੱਲੀ ਹੈ ਕਿ ਪਹਿਲਾਂ ਭਾਜਪਾ ਨੂੰ 2014 ਵਿੱਚ ਜਿੰਨੀਆਂ ਸੀਟਾਂ ਉੱਤੇ ਜਿੱਤ ਹਾਸਲ ਹੋਈ ਸੀ, ਉਸ ਤੋਂ ਕਿਤੇ ਵੱਧ ਸੀਟਾਂ ਉੱਤੇ ਐਤਕੀਂ ਜਿੱਤ ਹੋਵੇਗੀ ਅਤੇ ਸਾਡੇ ਜੋ ਸਹਿਯੋਗੀ ਹਨ, ਉਨ੍ਹਾਂ ਦਾ ਨੰਬਰ ਵੀ ਯਕੀਨੀ ਤੌਰ ਉੱਤੇ ਵਧਣ ਵਾਲਾ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਭਾਵੇਂ ਭਾਜਪਾ ਨੂੰ ਸਪੱਸ਼ਟ ਬਹੁਮੱਤ ਮਿਲੇ ਪਰ ਸਪ ਨੂੰ ਵਿਸ਼ਵਾਸ ਵਿੱਚ ਲੈ ਕੇ ਐੱਨਡੀਏ ਹੀ ਸਰਕਾਰ ਬਣਾਏਗਾ।

 

 

ਪਿਛਲੀ ਸਰਕਾਰ ਵੇਲੇ ਅਕਾਲੀ ਤੁਹਾਡੇ ਤੋਂ ਨਾਰਾਜ਼ ਹੋਏ, ਸ਼ਿਵ ਸੈਨਾ ਤੁਹਾਡੇ ਵਿਰੁੱਧ ਬੋਲਦੀ ਰਹੀ ਤੇ ਚੰਦਰਬਾਬੂ ਨਾਇਡੂ ਤਾਂ ਛੱਡ ਕੇ ਹੀ ਚਲੇ ਗਏ। ਇਹ ਹੰਗਾਮਾ ਕਿਉਂ ਹੁੰਦਾ ਰਿਹਾ?

ਮੁੱਦਿਆਂ ਦੇ ਆਧਾਰ ਉੱਤੇ ‘ਵਿਚਾਰਧਾਰਕ ਮਤਭੇਦ’ ਹੋ ਸਕਦੇ ਹਨ ਪਰ ਤੁਸੀਂ ਵੇਖਿਆ ਕਿ ਸਾਡੇ ਸਹਿਯੋਗੀਆਂ ਦਾ ਨੰਬਰ 2014 ਵਿੱਚ ਜਿੰਨਾ ਸੀ, ਉਸ ਤੋਂ ਵੱਧ ਹੀ ਹੋਇਆ ਹੈ, ਉਸ ਤੋਂ ਘਟਿਆ ਨਹੀਂ ਹੈ। ਟੀਡੀਪੀ ਨੂੰ ਛੱਡ ਕੇ ਸਾਰੇ ਸਹਿਯੋਗੀ ਸਾਡੇ ਨਾਲ ਹਨ।

 

 

ਜੇ ਤੁਹਾਨੂੰ ਇੰਨਾ ਭਰੋਸਾ ਹੈ ਕਿ ਤੁਹਾਡਾ ਬਹੁਮੱਤ ਆ ਰਿਹਾ ਹੈ, ਤਾਂ ਤੁਸੀਂ ਆਪਣੇ ਗੱਠਜੋੜ ਵਿਚਲੀਆਂ ਪਾਰਟੀਆਂ ਨੂੰ ਵੱਧ ਸੀਟਾਂ ਕਿਉਂ ਦੇ ਰਹੇ ਹੋ?

ਇਹ ਗੱਠਜੋੜ ਸਾਡੀ ਮਜਬੂਰੀ ਨਹੀਂ ਹੈ, ਸਾਡੀ ਪ੍ਰਤੀਬੱਧਤਾ ਹੈ। ਅਸੀਂ ਜਿੰਨੇ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਚੱਲ ਸਕੀਏ, ਭਾਵੇਂ ਸਾਨੂੰ ਬਹੁਮੱਤ ਹਾਸਲ ਹੋਵੇ, ਤਾਂ ਮੈਂ ਸਮਝਦਾ ਹਾਂ ਕਿ ਉਹ ਜ਼ਿਆਦਾ ਬਿਹਤਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Want to go ahead with all sections of life Rajnath Singh