-- ਹਰਵਿੰਦਰ ਕੌਰ ਡੌਲੀ ਨੂੰ ਬਣਾਇਆ ਮੁੱਖ ਚਿਹਰਾ
-- ਹੈਲਪਲਾਈਨ ਨੰਬਰ (93735-93734) ਕੀਤਾ ਜਾਰੀ
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪੁੱਜ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ ਵੱਲੋਂ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਨਸ਼ਿਆ ਖ਼ਿਲਾਫ਼ ਜੰਗ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨਾਂ ਨਾਲ ਪੰਜਾਬ ਪੁਲੀਸ ਦੇ ਮੁੱਅਤਲ ਡੀ.ਐਸ.ਪੀ. ਦਲਜੀਤ ਸਿੰਘ ਵੱਲੋਂ ਨਸ਼ੇ ਵਿੱਚ ਲਾਈ ਹਰਵਿੰਦਰ ਕੌਰ ਡੌਲੀ ਨੂੰ ਇਸ ਮੁਹਿੰਮ ਦਾ ਚਿਹਰਾ ਬਣਾਇਆ ਹੈ।
ਹਰਵਿੰਦਰ ਕੌਰ ਡੌਲੀ ਨੂੰ ਬੈਂਸ ਭਰਾਵਾਂ ਤੇ ਆਲਮਗੀਰ ਦੇ ਸਰਪੰਚ ਜਗਦੀਪ ਸਿੰਘ ਵੱਲੋਂ ਇਲਾਕੇ ਦੀਆਂ ਸੰਗਤਾਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਸੂਰਬੀਰਾਂ ਧਰਤੀ ਉੱਤੇ ਪੰਜ ਦਰਿਆ ਵਗਦੇ ਸਨ ਪ੍ਰੰਤੂ ਹੁਣ ਛੇਵਾਂ ਦਰਿਆ ਨਸ਼ਿਆ ਦਾ ਜ਼ੋਰਾ ਸ਼ੋਰਾ ਨਾਲ ਵਗ ਰਿਹਾ ਹੈ ਜਿਸ ਵਿੱਚ ਸਾਡੀ ਜਵਾਨੀ ਡੁੱਬ ਰਹੀ ਹੈ ਪੰਜਾਬ ਦੇ ਅਨੇਕਾਂ ਘਰਾਂ ਵਿੱਚ ਵੈਣ ਪੈ ਰਹੇ ਹਨ ਸੁਹਾਗਣਾ ਦੇ ਸੁਹਾਗ ਉੱਜੜ ਰਹੇ ਹਨ।
ਭੈਣ ਦੇ ਵੀਰ ਤੇ ਮਾਵਾਂ ਦੇ ਪੁੱਤ ਚਿੱਟੇ ਵਰਗੇ ਭਿਆਨਕ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ ਜਿਸ ਲਈ ਅਕਾਲੀ ਤੇ ਕਾਂਗਰਸੀ ਦੋਵੇਂ ਜ਼ਿੰਮੇਵਾਰ ਹਨ ਉਨਾਂ ਅੱਗੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬੀਆਂ ਦੀਆਂ ਧੁੰਮਾ ਵਿਸ਼ਵ ਵਿੱਚ ਪੈਂਦੀਆਂ ਸਨ ਪਹਿਲਾ ਸਿੱਖ ਨੌਜਵਾਨ ਨੂੰ ਬਹਾਦਰੀ ਕਰਕੇ ਜਾਣਿਆ ਜਾਂਦਾ ਸੀ ਅੱਜ ਨਸ਼ੇੜੀ ਵਜੋਂ ਜਾਣਿਆ ਜਾਂਦਾ ਹੈ ਜਿਸ ਨਾਲ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ.
ਉਨਾਂ ਹੈਲਪਲਾਈਨ ਨੰਬਰ (93735-93734) ਜਾਰੀ ਕਰਦਿਆਂ ਕਿਹਾ ਕਿ ਇਸ ਉੱਪਰ ਸ਼ਿਕਾਇਤਾ ਤੇ ਵੀਡੀਓ ਭੇਜੇ ਜਾਣ ਤਾਂ ਜੋ ਉਨਾਂ ਨੂੰ ਅਸੀਂ ਹਰ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਸ.ਟੀ.ਐਫ. ਦੇ ਦਫ਼ਤਰ ਵਿੱਚ ਭੇਜ ਸਕੀਏ। ਉਨਾਂ ਅਪੀਲ ਕੀਤੀ ਕਿ ਸੰਗਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਡੀ ਇਸ ਮੁਹਿੰਮ ਵਿੱਚ ਸਾਥ ਦੇਣ ਤਾਂ ਜੋ ਨਸ਼ਿਆਂ ਦੇ ਹੜ ਨੂੰ ਠੱਲਿਆ ਜਾ ਸਕੇ। ਇਸ ਮੌਕੇ ’ਤੇ ਹਲਕਾ ਗਿੱਲ ਦੇ ਲਿਪ ਦੇ ਪ੍ਰਧਾਨ ਜਗਦੀਪ ਸਿੰਘ ਆਲਮਗੀਰ, ਰਣਧੀਰ ਸਿੰਘ ਸਿਵੀਆ, ਬਲਦੇਵ ਸਿੰਘ ਗਿੱਲ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।