ਅਗਲੀ ਕਹਾਣੀ

ਖ਼ਤਰਨਾਕ ਨਸਿ਼ਆਂ ਦੀ ਜਕੜ ਹੇਠ ਹੈ ਖਰੜ ਦਾ ਵਾਰਡ 15

ਬਿਜਲੀ ਦੇ ਖੁੱਲ੍ਹੇ ਬਕਸੇ ਤੇ ਖ਼ਤਰਨਾਕ ਤਾਰਾਂ

1 / 2ਬਿਜਲੀ ਦੇ ਖੁੱਲ੍ਹੇ ਬਕਸੇ ਤੇ ਖ਼ਤਰਨਾਕ ਤਾਰਾਂ

ਵਾਰਡ 15 `ਚ ਸਫ਼ਾਈ ਦੀ ਸਮੱਸਿਆ

2 / 2ਵਾਰਡ 15 `ਚ ਸਫ਼ਾਈ ਦੀ ਸਮੱਸਿਆ

PreviousNext

ਪੰਜਾਬ ਸਮੇਤ ਦੇਸ਼-ਵਿਦੇਸ਼ ਦੀਆਂ ਹੋਰਨਾਂ ਥਾਵਾਂ ਤੋਂ ਮੋਹਾਲੀ ਅਤੇ ਚੰਡੀਗੜ੍ਹ `ਚ ਆ ਕੇ ਉੱਚ ਸਿੱਖਿਆ ਹਾਸਲ ਕਰਨ ਵਾਲੇ ਜਿ਼ਆਦਾਤਰ ਵਿਦਿਆਰਥੀ ਖਰੜ ਦੇ ਵਾਰਡ 15 `ਚ ਰਹਿਣਾ ਵਧੇਰੇ ਪਸੰਦ ਕਰਦੇ ਹਨ। ਇਸ ਦੇ ਬਾਵਜੂਦ ਇਹ ਵਾਰਡ ਪਾਣੀ ਦੀ ਕਿੱਲਤ, ਰੁਕੀਆਂ ਨਾਲੀਆਂ ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਜਿਹੀਆਂ ਸਮੱਸਿਆਵਾਂ ਤੋਂ ਵੀ ਪੀੜਤ ਹੈ। ਇਸ ਵਾਰਡ ਬਾਰੇ ਇੱਕ ਹੋਰ ਜਿਹੜੀ ਗੱਲ ਇਹ ਵੀ ਮਸ਼ਹੂਰ ਹੈ ਕਿ ਇੱਥੇ ਖਾਣ ਨੂੰ ਕੁਝ ਮਿਲੇ ਨਾ ਮਿਲੇ, ਚਿੱਟਾ ਤੇ ਹੋਰ ਨਸ਼ੀਲੇ ਪਦਾਰਥ ਜ਼ਰੂਰ ਮਿਲ ਜਾਂਦੇ ਹਨ। ਬੱਸ ਤੁਹਾਡੇ ਕੋਲ ਨਕਦ ਧਨ ਹੋਣਾ ਚਾਹੀਦਾ ਹੈ, ਨਸ਼ਾ ਤੁਰੰਤ ਹਾਜ਼ਰ ਹੋ ਜਾਵੇਗਾ। ਇਹ ਗੱਲ ਅਸੀਂ ਨਹੀਂ ਆਖ ਰਹੇ, ਸਗੋਂ ਇੱਥੋਂ ਦੇ ਨਿਵਾਸੀ ਖ਼ੁਦ ਕਹਿੰਦੇ ਹਨ।


ਨਸਿ਼ਆਂ ਦੀ ਨਿੱਤ ਵਧਦੀ ਜਾ ਰਹੀ ਸਮੱਸਿਆ ਤੋਂ ਦੁਖੀ ਸਥਾਨਕ ਨਾਗਰਿਕ ਰਣਜੀਤ ਸਿੰਘ ਨੇ ਦੱਸਿਆ ਕਿ ਤੁਸੀਂ ਇੱਥੇ ਸਹਿਜੇ ਹੀ ਨਸਿ਼ਆਂ ਨਾਲ ਡੱਕੇ ਨੌਜਵਾਨਾਂ ਨੂੰ ਇੱਧਰ-ਉੱਧਰ ਘੁੰਮਦਿਆਂ ਵੇਖ ਸਕਦੇ ਹੋ। ਨਸਿ਼ਆਂ ਦੀ ਲਤ ਤੋਂ ਪੀੜਤ ਨੌਜਵਾਨਾਂ ਨੂੰ ਲਾਗਲੇ ਪਾਰਕ (ਜੋ ਕਿਸੇ ਹੋਰ ਵਾਰਡ `ਚ ਪੈਂਦਾ ਹੈ) ਵਿੱਚ ਵੀ ਘੁੰਮਦਿਆਂ ਤੱਕਿਆ ਜਾ ਸਕਦਾ ਹੈ। ਇਸ ਵਾਰਡ ਦੇ ਨਿਵਾਸੀਆਂ ਦੀ ਸਿ਼ਕਾਇਤ ਹੈ ਕਿ ਉਹ ਕਈ ਵਾਰ ਪੁਲਿਸ ਕੋਲ ਇਸ ਸਮੱਸਿਆ ਦੀ ਸਿ਼ਕਾਇਤ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।


ਵਾਰਡ ਨੰਬਰ 15 ਦੇ ਹੀ ਇੱਕ ਪ੍ਰਾਪਰਟੀ ਡੀਲਰ ਪਰਮਜੀਤ ਸਿੰਘ ਨੇ ਵਿਅੰਗਾਤਮਕ ਲਹਿਜੇ ਵਿੱਚ ਕਿਹਾ,‘‘ਨਸਿ਼ਆਂ ਦੇ ਸਮੱਗਲਰਾਂ ਦਾ ਬੱਸ ਪੁਲਿਸ ਨੂੰ ਹੀ ਪਤਾ ਨਹੀਂ ਲੱਗਦਾ ਪਰ ਨਸ਼ੇੜੀ ਆਪਣਾ ਨਸ਼ੇ ਦਾ ਕੋਟਾ ਲੈਣ ਲਈ ਝੱਟ ਉਨ੍ਹਾਂ ਨੂੰ ਲੱਭ ਲੈਂਦੇ ਹਨ।``


ਇਸ ਵਾਰਡ ਦੇ ਇੱਕ ਹੋਰ ਨਿਵਾਸੀ ਨੇ ਦੁਖੀ ਹਿਰਦੇ ਨਾਲ ਦੱਸਿਆ,‘ਇੱਥੇ ਤਾਂ ਤੁਹਾਨੂੰ ਅਜਿਹੇ ਵੀ ਕੁਝ ਨਸ਼ੇੜੀ ਲੱਭ ਜਾਣਗੇ, ਜਿਨ੍ਹਾਂ ਨੇ ਨਸਿ਼ਆਂ ਪਿੱਛੇ ਆਪਣੀਆਂ ਸਰਕਾਰੀ ਨੌਕਰੀਆਂ ਤੱਕ ਛੱਡ ਦਿੱਤੀਆਂ ਹਨ। ਪਤਾ ਨਹੀਂ ਇੰਨੇ ਨਸ਼ੇ ਸਪਲਾਈ ਕੌਣ ਕਰਦਾ ਹੈ। ਇੰਨਾ ਨਸ਼ਾ ਇਹ ਲੋਕ ਲੁਕਾ ਕੇ ਵੀ ਕਿੱਥੇ ਰੱਖਦੇ ਹੋਣਗੇ?`


ਸਥਾਨਕ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਨ੍ਹਾਂ ਕੋਲ ਅਜਿਹੀਆਂ ਸਿ਼ਕਾਇਤਾਂ ਅੱਪੜਦੀਆਂ ਹਨ,‘‘ਸਾਨੂੰ ਕੁਝ ਸਿ਼ਕਾਇਤਾਂ ਮਿਲੀਆਂ ਸਨ, ਜਿਨ੍ਹਾਂ ਤੋਂ ਬਾਅਦ ਅਸੀਂ ਕੁਝ ਥਾਵਾਂ `ਤੇ ਛਾਪੇ ਮਾਰੇ ਸਨ ਪਰ ਕਿਤੇ ਕੁਝ ਨਹੀਂ ਮਿਲਿਆ। ਅਸੀਂ ਨਸਿ਼ਆਂ ਦੀ ਸਮੱਸਿਆ ਤੋਂ ਇਨਕਾਰ ਨਹੀਂ ਕਰਦੇ ਪਰ ਅਸੀਂ ਮੁਜਰਿਮਾਂ ਨੂੰ ਫੜ ਨਹੀਂ ਸਕੇ।``


ਨੀਂਵੀਂਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ
ਖਰੜ ਦੇ ਹੋਰਨਾਂ ਹਿੱਸਿਆਂ ਵਾਂਗ, ਇਸ ਵਾਰਡ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਲਟਕਦੀਆਂ ਮਿਲਦੀਆਂ ਹਨ। ਜਨਤਕ ਥਾਵਾਂ `ਤੇ ਬਿਜਲੀ ਦੇ ਖੁੱਲ੍ਹੇ ਬਕਸੇ ਵੀ ਆਮ ਵਿਖਾਈ ਦਿੰਦੇ ਹਨ। ਇੱਥੋਂ ਤੱਕ ਕਿ ਪਾਰਕ ਦੇ ਗੇਟ `ਤੇ ਖੁੱਲ੍ਹੇ ਬਕਸੇ ਤੇ ਬਿਜਲੀ ਦੀਆਂ ਖ਼ਤਰਨਾਕ ਤਾਰਾਂ ਕਿਸੇ ਵੱਡੇ ਖ਼ਤਰੇ ਨੂੰ ਸੱਦਾ ਦਿੰਦੀਆਂ ਜਾਪਦੀਆਂ ਹਨ। ਇਸ ਪਾਰਕ ਵਿੱਚ ਸ਼ਾਮੀਂ ਅਕਸਰ ਬੱਚੇ ਵੀ ਖੇਡਣ ਲਈ ਆਉਂਦੇ ਹਨ। ਇੱਕ ਦੁਕਾਨਦਾਰ ਮਲਕੀਤ ਸਿੰਘ ਨੇ ਦੱਸਿਆ,‘‘ਇਸ ਟ੍ਰਾਂਸਫ਼ਾਰਮਰ ਦੀ ਹਾਲਤ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ।``


ਪਾਣੀ ਦੀ ਕਿੱਲਤ
ਇਸ ਵਾਰਡ ਦੀ ਨਿੱਤ ਵਧਦੀ ਜਾ ਰਹੀ ਆਬਾਦੀ ਕਾਰਨ ਇਸ ਦੇ ਮੌਜੂਦਾ ਸਰੋਤਾਂ `ਤੇ ਬੋਝ ਪੈਣਾ ਸੁਭਾਵਕ ਹੈ। ਇਸੇ ਲਈ ਲੋਕਾਂਨੂੰ ਇੱਥੇ ਪਾਣੀ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇੱਕ ਸੁਆਣੀ ਰਮਨਜੋਤ ਕੌਰ ਨੇ ਦੱਸਿਆ,‘‘ਉੱਪਰਲੀਆਂ ਮੰਜਿ਼ਲਾਂ `ਤੇ ਰਹਿਣ ਵਾਲੇ ਲੋਕਾਂ ਦੀਆਂ ਟੂਟੀਆਂ ਤੱਕ ਪਾਣੀ ਕਦੇ ਪੁੱਜਦਾ ਹੀ ਨਹੀਂ ਪਾਣੀ ਦਾ ਦਬਾਅ ਘੱਟ ਹੋਣ ਕਾਰਨ ਇਹ ਇੱਕ ਵੱਡੀ ਤੇ ਪੁਰਾਣੀ ਸਮੱਸਿਆ ਹੈ।``


ਇਸ ਵਾਰਡ ਵਿੱਚ ਟਿਊਬਵੈੱਲ ਤਾਂ ਹਨ ਪਰ ਫਿਰ ਵੀ ਪਾਣੀ ਦੀ ਸਪਲਾਈ ਆਬਾਦੀ ਦੇ ਹਿਸਾਬ ਨਾਲ ਕਾਫ਼ੀ ਨਹੀਂ ਹੈ। ਇੱਕ ਸਕੂਲ ਅਧਿਆਪਕ ਪਰਮਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੀ ਕਿੱਲਤ ਦੀ ਸਮੱਸਿਆ ਦਾ ਹੱਲ ਸਿਰਫ਼ ਨਹਿਰੀ ਪਾਣੀ ਰਾਹੀਂ ਹੱਲ ਹੋ ਸਕਦਾ ਹੈ। ਸਮੁੱਚੇ ਖਰੜ ਸ਼ਹਿਰ ਲਈ ਪਾਣੀ ਦੀ ਘਾਟ ਕਜੌਲੀ ਜਲ-ਯੋਜਨਾ ਆਸਾਨੀ ਨਾਲ ਹੱਲ ਕਰ ਸਕਦੀ ਹੈ।


ਇਸ ਵਾਰਡ ਦੇ ਮਾਡਲ ਟਾਊਨ, ਐੱਲਆਈਸੀ ਕਾਲੋਨੀ ਤੇ ਵੈਸਟਰਨ ਟਾਵਰ `ਚ ਬਹੁਤ ਸਾੇ ਵਿਦਿਆਰਥੀ ਆ ਕੇ ਰਹਿ ਰਹੇ ਹਨ। ਉਨ੍ਹਾਂ ਨੂੰ ਰਹਿਣ ਲਈ ਸਸਤੇ ਕਮਰੇ ਚਾਹੀਦੇ ਹੁੰਦੇ ਹਨ। ਉਹ ਭਾਵੇਂ ਰਜਿਸਟਰਡ ਵੋਟਰ ਨਹੀਂ ਹਨ ਪਰ ਉਹ ਇੱਥੋਂ ਦੇ ਵਸੀਲਿਆਂ ਦੀ ਵਰਤੋਂ ਜ਼ਰੁਰ ਕਰਦੇ ਹਨ। ਨਗਰ ਕੌਂਸਲ ਖਰੜ ਇਸ ਵਾਰਡ ਦੀ ਵਧਦੀ ਆਬਾਦੀ ਦੇ ਹਿਸਾਬ ਨਾਲ ਪਾਣੀ ਦੀ ਸਪਲਾਈ ਵਧਾਉਣ ਤੋਂ ਅਸਮਰੱਥ ਰਹੀ ਹੈ। ਇੱਕ ਕਾਰਨ ਇਹ ਵੀ ਹੈ ਕਿ ਬਹੁਤੇ ਮਕਾਨ-ਮਾਲਕ ਪ੍ਰਾਪਰਟੀ ਟੈਕਸ ਤੋਂ ਬਚਣ ਲਈ ਕਿਰਾਏਦਾਰਾਂ ਅਤੇ ਪੇਇੰਗ ਗੈਸਟਸ ਦੀ ਸਹੀ ਗਿਣਤੀ ਨਹੀਂ ਦੱਸਦੇ। ਇਸ ਨਾਲ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਨਾ ਪੁੱਜੇ।


ਵਿਗੜ ਰਹੀ ਸਿਹਤ
ਇਸ ਵਾਰਡ ਵਿੱਚ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਦੀ ਘਾਟ ਬਹੁਤ ਰੜਕਦੀ ਹੈ। ਇੱਕ ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਜਗਜੀਤ ਸਿੰਘ ਨੇ ਕਿਹਾ,‘‘ਸਾਡੇ ਵਾਰਡ ਵਿੱਚ ਕੋਈ ਸਰਕਾਰੀ ਹਸਪਤਾਲ ਨਹੀਂ ਹੈ। ਅਸੀਂ ਪ੍ਰਾਈਵੇਟ ਕਲੀਨਿਕਾਂ `ਤੇ ਨਿਰਭਰ ਹਾਂ। ਸਾਨੂੰ ਆਮ ਤੌਰ `ਤੇ ਖਰੜ ਦੇ ਵਾਰਡ ਨੰਬਰ 10 ਦੇ ਸਰਕਾਰੀ ਹਸਪਤਾਲ `ਚ ਜਾਣਾ ਪੈਂਦਾ ਹੈ।`` ਕਿਸੇ ਹੰਗਾਮੀ ਹਾਲਾਤ `ਚ ਉੱਥੇ ਜਾਣ ਲਈ ਬਹੁਤ ਲੰਮੇਰੀ ਦੂਰੀ ਤਹਿ ਕਰਨੀ ਪੈਂਦੀ ਹੈ।


ਗੋਡੇ-ਗੋਡੇ ਪਾਣੀ
ਇਸ ਵਾਰਡ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ, ਇਸੇ ਕਰਕੇ ਸੜਕਾਂ ਤੇ ਗਲ਼ੀਆਂ `ਚ ਪਾਣੀ ਖਲੋਣਾ ਆਮ ਗੱਲ ਹੈ। ਜਿਸ ਕਾਰਨ ਸੜਕਾਂ ਦੀ ਸਫ਼ਾਈ ਨਹੀਂ ਹੋ ਪਾਉਂਦੀ। ਜੇ ਕੋਈ ਨਾਲੀਆਂ ਹਨ, ਤਾਂ ਉਹ ਵੀ ਜਾਮ ਹੋਈਆਂ ਪਈਆਂ ਹਨ। ਇੱਕ ਸਥਾਨਕ ਨਾਗਰਿਕ ਨੇ ਕਿਹਾ ਕਿ ਨਗਰ ਕੌਂਸਲ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਵਾਜਬ ਹੱਲ ਲੱਭਣਾ ਹੋਵੇਗਾ ਕਿਉਂਕਿ ਪਿਛਲੇ ਵਰ੍ਹੇ ਮਾਨਸੂਨ ਦੌਰਾਨ ਲੋਕ ਡਾਢੇ ਔਖੇ ਹੋਏ ਸਨ। ਸੜਕਾਂ ਤੰਗ ਹਨ ਤੇ ਲੋਕਾਂ ਨੇ ਪਾਣੀ ਦੀਆਂ ਨਿਕਾਸੀਆਂ `ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਪਾਣੀ ਦੀ ਨਿਕਾਸੀ ਦਾ ਕੋਈ ਰਾਹ ਬਚਦਾ ਹੀ ਨਹੀਂ।


ਸਫ਼ਾਈ ਦੀ ਸਮੱਸਿਆ
ਇਸ ਵਾਰਡ `ਚ 9-10 ਸਫ਼ਾਈ ਕਰਮਚਾਰੀ ਹਨ, ਜੋ ਤੈਅਸ਼ੁਦਾ ਥਾਵਾਂ ਤੋਂ ਕਦੀ-ਕਦਾਈਂ ਆ ਕੇ ਕੂੜਾ ਚੁੱਕਦੇ ਹਨ। ਬਾਜ਼ਾਰ ਦੇ ਐਨ ਵਿਚਕਾਰ ਇਹ ਥਾਵਾਂ ਹੋਣ ਕਾਰਨ ਆਮ ਰਾਹਗੀਰਾਂ ਨੂੰ ਡਾਢੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਸਥਾਨਕ ਨਿਵਾਸੀ ਨੇ ਕਿਹਾ,‘‘ਸਫ਼ਾਈ ਕਰਮਚਾਰੀਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਇੰਨੇ ਵੱਡੇ ਵਾਰਡ ਲਈ ਸਿਰਫ਼ ਅੱਠ-ਨੌਂ ਸਫ਼ਾਈ ਕਰਮਚਾਰੀ ਕਾਫ਼ੀ ਨਹੀਂ ਹਨ। ਨਗਰ ਕੌਂਸਲ ਨੂੰ ਸਮੇਂ ਸਿਰ ਕੂੜਾ ਚੁੱਕਣਾ ਯਕੀਨੀ ਬਣਾਉਣਾ ਚਾਹੀਦਾ ਹੈ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kharar Ward 15 in the grip of deadly drugs