ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਐਗਜ਼ੈਕਟਿਵ ਮੈਂਬਰ ਰਾਮਿੰਦਰਜੀਤ ਸਿੰਘ ਮਿੰਟੂ ਨੇ ਲੋਕਲ ਗੁਰਦੁਆਰਾ ਕਮੇਟੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੌਕਡਾਊਨ ਦੌਰਾਨ ਲੋੜਵੰਦ ਲੋਕਾਂ ਲਈ ਲੰਗਰ ਲਾਉਣ ਦੀ ਅਪੀਲ ਕੀਤੀ ਹੈ।
ਕੁਲਜੀਤ ਸਿੰਘ ਸੰਧੂ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਸ੍ਰੀ ਮਿੰਟੂ ਨੇ ਕਿਹਾ ਕਿ ਅੱਜ ਦੇਸ਼/ਵਿਦੇਸ਼ ‘ਚ ਕੋਰੋਨਾ ਦੇ ਕਹਿਰ ਦੇ ਕਾਰਣ ਪੂਰੇ ਵਿਸ਼ਵ ‘ਚ ਭਾਜੜਾਂ ਮਚੀਆਂ ਹੋਈਆਂ ਹਨ ਅਤੇ ਭਾਰਤ ‘ਚ ਵੀ ਸਰਕਾਰ ਨੇ ਇਸ ਬੀਮਾਰੀ ਤੋਂ ਬਚਾਉਣ ਲਈ ਜਿਥੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ, ਉਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਕਰੋਪੀ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਕਰਫ਼ਿਊ ਵੀ ਲਾਇਆ ਗਿਆ ਹੈ।
ਸ੍ਰੀ ਮਿੰਟੂ ਨੇ ਕਿਹਾ ਕਿ ਅਜਿਹੀ ਸਥਿੱਤੀ ‘ਚ ਰੋਜ਼ਾਨਾ ਮਿਹਨ–ਮਜ਼ਦੂਰੀ ਕਰਨ ਵਾਲੇ ਅਨੇਕਾਂ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਅਵਾਜ਼ਾਰ ਹੋ ਗਏ ਹਨ। ਅਜਿਹੇ ਲੋਕਾਂ ਦੀ ਰੋਟੀ ਦਾ ਪਹਿਲ ਦੇ ਅਧਾਰ ‘ਤੇ ਪ੍ਰਬੰਧ ਕਰਨਾ ਸਮੂਹ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇ ਜੀ ਦੇ ਨਕਸ਼ੇ ਕਦਮਾਂ ‘ਤੇ ਚਲਦੇ ਹੋਏ ਪਿੰਡ ਪਿੰਡ ਲੰਗਰ ਸ਼ੁਰੂ ਕਰ ਦੇਣ, ਤਾਂਕਿ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ‘ਚ ਕੋਈ ਰਾਤ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਨਾ ਹੋਵੇ।
ਸ੍ਰੀ ਰਾਮਿੰਦਰਜੀਤ ਸਿੰਘ ਮਿੰਟੂ ਨੇ ‘ਮੌਤ ਨਾਲੋਂ ਭੁੱਖ ਬੁਰੀ’ ਕਹਿੰਦੇ ਹੋਏ ਕਿਹਾ ਕਿ ਜੇਕਰ ਅੱਜ ਅਸੀਂ ਲੋੜਵੰਦਾਂ ਤੇ ਲਾਚਾਰ ਲੋਕਾਂ ਦੇ ਲਈ ਰੋਟੀ/ਪਾਣੀ ਦਾ ਪ੍ਰਬੰਧ ਕਰਦੇ ਹਾਂ, ਤਾਂ ਅਸੀਂ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨਾਲ ਨਾਲ ‘ਲੋਕ ਸੁਖੀਏ, ਪ੍ਰਲੋਕ ਸੁਹੇਲੇ’ ਦੇ ਭਾਗੀ ਵੀ ਬਣ ਸਕਾਂਗੇ।
ਉਨਾਂ ਆਪਣੇ ਬਿਆਨ ਦੇ ਆਖਰ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪੱਧਰ ‘ਤੇ ਜਾਂ ਸਾਂਝੇ ਤੌਰ ‘ਤੇ ਲੰਗਰ ਦਾ ਉਪਰਾਲਾ ਜਰੂਰ ਕਰਨ, ਤਾਂਕਿ ਕਿਸੇ ਪਿੰਡ ਅਤੇ ਸ਼ਹਿਰ ‘ਚ ਕੋਈ ਵੀ ਭੁੱਖਾ ਨਾ ਸੌਂਵੇ, ਬਲਕਿ ਸੰਕਟ ਦੀ ਇਸ ਘੜੀ ਦੋਰਾਨ ਹਰ ਇਕ ਨੂੰ ਇਹ ਭਰੋਸਾ ਤੇ ਤਸੱਲੀ ਹੋਵੇ ਕਿ ਉਸ ਦੇ ਨੇੜੇ ਗੁਰਦੁਆਰਾ ਹੈ, ਪੰਜਾਬੀ ਜਾਂ ਸਿੱਖ ਰਹਿੰਦਾ ਹੈ। ਉਸ ਨੂੰ ਰੋਟੀ ਜ਼ਰੂਰ ਮਿਲੇਗੀ ਅਤੇ ਰਾਤ ਨੂੰ ਭੁੱਖਾ ਨਹੀਂ ਸੌਂਣਾ ਪਵੇਗਾ। ਇਹ ਸਾਡਾ ਧਰਮ ਅਤੇ ਫਰਜ਼ ਵੀ ਹੈ, ਜਿਸ ‘ਤੇ ਸਿੱਖ ਕੌਮ ਹਮੇਸ਼ਾਂ ਪਹਿਰਾ ਦਿੰਦੀ ਆਈ ਹੈ ਅਤੇ ਸਦਾ ਦਿੰਦੀ ਰਹੇਗੀ।
ਇੰਝ ਸਪੱਸ਼ਟ ਹੈ ਕਿ ਐੱਨਆਰਆਈ ਪੰਜਾਬੀਆਂ ਨੂੰ ਆਪਣੇ ਵਤਨ ਪੰਜਾਬ ’ਚ ਲੌਕਡਾਊਨ ਕਾਰਨ ਲੋੜਵੰਦਾਂ ਦੀ ਭੁੱਖ ਦੀ ਡਾਢੀ ਚਿੰਤਾ ਹੈ। ਇਹੋ ਇਨਸਾਨੀਅਤ ਹੈ।