ਬੀਤੀ 30 ਦਸੰਬਰ ਨੂੰ ਹੋਈਆਂ ਪੰਚਾਇਤ ਚੋਣਾਂ `ਚ ਸਰਪੰਚ ਦਾ ਉਮੀਦਵਾਰ ਹਾਰਨ ਦੇ ਬਾਅਦ ਇਕ ਸਮਰਥਕ ਨੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿ਼ਲ੍ਹੇ `ਚ ਪੈਂਦੇ ਪਿੰਡ ਥੂਹਾ `ਚ ਇਕ ਘਟਨਾ ਸਾਹਮਣੇ ਆਈ ਹੈ। ਥੂਹਾ `ਚ ਰਾਖਵੀਂ ਸੀਟ `ਤੇ ਚੋਣ ਲੜ ਰਹੇ ਉਮੀਦਵਾਰ ਦੀ ਹਾਰ ਹੋਣ ਤੋਂ ਬਾਅਦ ਹਾਰਨ ਵਾਲੇ ਉਮੀਦਵਾਰ ਦਾ ਸਮਰਥਕ ਗੁਰਮੇਲ ਸਿੰਘ ਆਪਣੇ ਉਮੀਦਵਾਰ ਦੀ ਹਾਰ ਦੀ ਨਮੋਸ਼ੀ ਨਾ ਝੱਲ ਸਕਿਆ।
ਚੋਣ ਦੇ ਨਤੀਜੇ ਆਉਣ ਤੋਂ ਬਾਅਦ ਜਦੋਂ ਜੇਤੂ ਉਮੀਦਵਾਰ ਦੇ ਸਮਰਥਕ ਜ਼ਸਨ ਮਨਾ ਰਹੇ ਸਨ ਤਾਂ ਉਸ ਸਮੇਂ ਗੁਰਮੇਲ ਨੇ ਆਪਣੇ ਘਰ ਜਾ ਕੇ ਝਗੜਾ ਕੀਤਾ। ਇਸ ਤੋਂ ਬਾਅਦ ਰਾਤ ਨੂੰ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਪਿੰਡ `ਚ ਪਹਿਲਾਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾ ਰਿਹਾ ਸੀ, ਪ੍ਰੰਤੂ ਹਾਰਨ ਵਾਲੇ ਉਮੀਦਵਾਰ ਕੋਲ ਜਦੋਂ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਤਾਂ ਉਹ ਇਸ ਕਰਕੇ ਚੋਣ `ਚੋਂ ਨਹੀਂ ਹੱਟਿਆ ਕਿ ਉਹ ਆਪ ਨਹੀਂ ਕੋਈ ਹੋਰ ਚੋਣ ਲੜਾ ਰਿਹਾ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਆਪਣੇ ਉਮੀਦਵਾਰ ਦੀ ਜਿੱਤ ਦੇ ਜ਼ਸਨ ਮਨਾਉਣ ਲਈ ਮ੍ਰਿਤਕ ਪਹਿਲਾਂ ਹੀ ਤਿਆਰੀ ਕਰ ਰਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਹਿਲਾਂ ਤੋਂ ਹੀ ਕੁਝ ਦਿਮਾਗੀ ਤੌਰ `ਤੇ ਪ੍ਰੇਸ਼ਾਨ ਚੱਲ ਰਿਹਾ ਸੀ।