ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਹੋਈ ਵੀਡੀਓ ਕਾਨਫਰੰਸ ਚ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਪਿੱਤਰੀ ਸੂਬਿਆਂ ਵਿੱਚ ਵਾਪਸ ਜਾਣ ਦੀ ਜ਼ਾਹਰ ਕੀਤੀ ਇੱਛਾ ਮਗਰੋਂ ਹੁਣ ਤੱਕ 10 ਲੱਖ ਮਜ਼ਦੂਰ ਰਜਿਸਟਰਡ ਹੋ ਚੁੱਕਾ ਹੈ ਜਿਨ੍ਹਾਂ ਚੋਂ 85 ਫੀਸਦੀ ਯੂ.ਪੀ. ਅਤੇ ਬਿਹਾਰ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਕਾਮਿਆਂ ਦੇ ਰੇਲ ਸਫਰ ਦੇ ਕਿਰਾਏ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਦੱਸਿਆ ਕਿ 5 ਮਈ ਨੂੰ ਤਿੰਨ ਰੇਲ ਗੱਡੀਆਂ ਇਨ੍ਹਾਂ ਕਾਮਿਆਂ ਨੂੰ ਲੈ ਕੇ ਯੂ.ਪੀ. ਅਤੇ ਝਾਰਖੰਡ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ 6 ਮਈ ਨੂੰ 6 ਹੋਰ ਰੇਲ ਗੱਡੀਆਂ ਜਾ ਰਹੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਰਵਾਸੀ ਮਜ਼ਦੂਰਾਂ ਸਮੇਤ ਖੇਤੀਬਾੜੀ ਅਤੇ ਉਦਯੋਗਿਕ ਦਿਹਾੜੀਦਾਰਾਂ ਅਤੇ ਗਰੀਬਾਂ ਲਈ ਵੀ ਰਾਹਤ ਦੀ ਪੈਰਵੀ ਕਰ ਰਹੀ ਹੈ ਜੋ ਨੌਕਰੀਆਂ/ਰੋਜ਼ਗਾਰ ਗੁਆ ਲੈਣ ਕਰਕੇ ਬੁਰੀ ਤਰ੍ਹਾਂ ਪੀੜਤ ਹਨ।