ਮਾਨਸਾ ਜ਼ਿਲ੍ਹੇ ਦੇ ਪਿੰਡ ਘੁੜਕਣੀ ਦੇ ਇੱਕ ਖੇਤ ਦੇ 8–10 ਫ਼ੁੱਟ ਡੂੰਘੇ ਬੋਰ–ਵੈੱਲ ’ਚੋਂ 10 ਸਾਲਾ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਸ ਦੀ ਸ਼ਨਾਖ਼ਤ ਗੁਰਮੀਤ ਸਿੰਘ ਉਰਫ਼ ਪੰਮਾ ਵਜੋਂ ਹੋਈ ਹੈ। ਉਹ 6ਵੀਂ ਜਮਾਤ ਵਿੱਚ ਪੜ੍ਹਦਾ ਸੀ।
ਉਸ ਦੇ ਪਿਤਾ ਸਰਬਜੀਤ ਸਿੰਘ ਇੱਕ ਖੇਤ–ਮਜ਼ਦੂਰ ਹਨ। ਪੰਮਾ ਇਸੇ ਘੁੜਕਣੀ ਪਿੰਡ ਦਾ ਹੀ ਵਸਨੀਕ ਸੀ। ਅੱਜ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਕੀਤਾ ਗਿਆ।
ਇਹ ਬੱਚਾ ਐਤਵਾਰ ਦੀ ਸ਼ਾਮ ਤੋਂ ਗੁੰਮ ਸੀ। ਉਸ ਦੇ ਪਰਿਵਾਰ ਨੇ ਬਹੁਤ ਭਾਲ ਕੀਤੀ ਸੀ ਪਰ ਕੋਈ ਫ਼ਾਇਦਾ ਨਹੀਂ ਸੀ ਹੋ ਸਕਿਆ। ਪਰਿਵਾਰਕ ਮੈਂਬਰ ਪਿੰਡ ਦੇ ਹੀ ਕੁਝ ਵਿਅਕਤੀਆਂ ਦੀ ਮਦਦ ਨਾਲ ਹਰ ਥਾਂ ’ਤੇ ਆਪਣੇ ਬੱਚੇ ਦੀ ਭਾਲ਼ ਕਰ ਰਹੇ ਸਨ। ਤਦ ਬੱਚੇ ਦੀ ਲਾਸ਼ ਇਸੇ ਪਿੰਡ ਦੇ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਖੇਤਾਂ ਦੇ ਬੋਰਵੈੱਲ ’ਚ ਪਈ ਮਿਲ ਗਈ।
ਬੱਚੇ ਦੀ ਜਾਨ ਇੱਕ ਕੱਪੜੇ ਦੇ ਟੁਕੜੇ ਨਾਲ ਉਸ ਦਾ ਗਲ਼ਾ ਘੁੱਟ ਕੇ ਲਈ ਗਈ ਸੀ। ਉਹ ਕੱਪੜਾ ਤਦ ਵੀ ਉਸ ਦੀ ਗਰਦਨ ਨਾਲ ਲਿਪਟਿਆ ਹੋਇਆ ਸੀ।
ਪੁਲਿਸ ਮੁਤਾਬਕ ਪਿੰਡ ਘੁੜਕਣੀ ਦੇ ਹੀ ਮਨਪ੍ਰੀਤ ਸਿੰਘ ਉਰਫ਼ ਕਾਲ਼ਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪਿਤਾ ਸਰਬਜੀਤ ਸਿੰਘ ਮੁਤਾਬਕ ਉਨ੍ਹਾਂ ਦੀ ਮਨਪ੍ਰੀਤ ਸਿੰਘ ਨਾਲ ਪੁਰਾਣੀ ਰੰਜਿਸ਼ ਸੀ ਤੇ ਉਹ ਪਹਿਲਾਂ ਘੱਟੋ–ਘੱਟ ਦੋ ਵਾਰ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਚੁੱਕਾ ਸੀ।
ਮਰਹੂਮ ਬੱਚੇ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਭਾਵ ਛੋਟੀ ਭਰਜਾਈ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ।
ਝੁਨੀਰ ਪੁਲਿਸ ਥਾਣੇ ਦੇ ਐੱਸਐੱਚਓ ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਹਾਲੇ ਫ਼ਰਾਰ ਹੈ ਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਪੋਸਟ–ਮਾਰਟਮ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।