ਅੱਜ ਐਤਵਾਰ ਸਵੇਰੇ ਚੰਡੀਗੜ੍ਹ ‘’ਚ ਇੱਕ ਨੌਜਵਾਨ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਇੰਝ ਇਸ ‘ਸਿਟੀ ਬਿਊਟੀਫ਼ੁਲ’ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਪਿਛਲੇ ਪੰਜ ਦਿਨਾਂ ’ਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਉੱਤੇ ਆਧਾਰਤ ‘ਤਿਕੜੀ–ਸ਼ਹਿਰ’ (ਟ੍ਰਾਈ–ਸਿਟੀ) ਵਿੱਚ ਕੋਰੋਨਾ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਅੱਜ ਕੋਰੋਨਾ ਤੋਂ ਬਚਾਉਣ ਲਈ ਟ੍ਰਾਈ–ਸਿਟੀ ਸਮੇਤ ਸਮੁੱਚੇ ਪੰਜਾਬ ਵਿੱਚ ਹੀ ਜਨਤਾ–ਕਰਫ਼ਿਊ ਲੱਗਾ ਹੋਇਆ ਹੈ ਤੇ ਸਾਰੀਆਂ ਸੜਕਾਂ ਤੇ ਬਾਜ਼ਾਰ ਪੂਰੀ ਤਰ੍ਹਾਂ ਸੁੰਨੇ ਪਏ ਹਨ।
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਮੁਤਾਬਕ ਨੌਜਵਾਨ ਉਸੇ 23 ਸਾਲਾ ਔਰਤ ਦੇ ਅਸਿੱਧੇ ਸੰਪਰਕ ’ਚ ਰਿਹਾ ਸੀ, ਜੋ ਬੀਤੀ 15 ਮਾਰਚ ਨੂੰ ਇੰਗਲੈਂਡ ਤੋਂ ਪਰਤੀ ਸੀ ਤੇ18 ਮਾਰਚ ਨੂੰ ਕੋਰੋਨਾ ਲਈ ਉਸ ਦਾ ਟੈਸਟ–ਪਾਜ਼ਿਟਿਵ ਆਇਆ ਸੀ। ਪਰ ਅਧਿਕਾਰੀਆਂ ਨੇ ਹਾਲੇ ਤੱਕ ਇਸ ਤਾਜ਼ਾ ਕੇਸ ਦੀ ਰਿਹਾਇਸ਼ ਦੇ ਇਲਾਕੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਕੋਰੋਨਾ ਤੋਂ ਪੀੜਤ ਨੌਜਵਾਨ ਨੂੰ ਕੱਲ੍ਹ ਸਨਿੱਚਰਵਾਰ ਨੂੰ ਚੰਡੀਗੜ੍ਹ ਸੈਕਟਰ–32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਸੈਂਪਲਾਂ ਦਾ ਟੈਸਟ ਪੀਜੀਆਈ ’ਚ ਹੋਇਆ ਸੀ – ਜੋ ਪਾਜ਼ਿਟਿਵ ਨਿਕਲਿਆ।
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਹਿਲੇ ਪਾਜ਼ਿਟਿਵ ਕੇਸ ਦੇ ਭਰਾ, ਮਾਂ ਤੇ ਰਸੋਈਆ ਵੀ ਪਾਜ਼ਿਟਿਵ ਨਿੱਕਲ ਸਨ। ਫਿਰ ਬਿਊਟੀ ਸੈਲੂਨ ’ਤੇ ਕੰਮ ਕਰਦੀ 38 ਸਾਲਾ ਇੱਕ ਔਰਤ ਵੀ ਕੋਰੋਨਾ–ਪਾਜ਼ਿਟਿਵ ਨਿੱਕਲੀ ਸੀ, ਜੋ ਦਰਅਸਲ ਚੰਡੀਗੜ੍ਹ ਦੇ ਪਹਿਲੇ ਕੋਰੋਨਾ–ਵਾਇਰਸ ਕੇਸ ਦੇ ਸੰਪਰਕ ਵਿੱਚ ਆਈ ਸੀ।
ਸਨਿੱਚਰਵਾਰ ਤੱਕ ਮੋਹਾਲੀ ’ਚ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਸਨ। ਮੋਹਾਲੀ ਦੇ ਤਿੰਨ ਸ਼ੱਕੀ ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਸਨ ਤੇ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਸੀ।