ਰਾਮਪੁਰਾ ਫੂਲ ਦੀ 12 ਸਾਲਾ ਰੇਖਾ ਦੇਵੀ ਇੱਕ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਉਹ ਆਪਣੀ ਖ਼ੁਸ਼ਖ਼ਤ (ਸੋਹਣੀ) ਲਿਖਾਈ ਲਈ ਬਹੁਤ ਪ੍ਰਸਿੰਧ ਹੈ। ਸਿੱਖਿਆ ਵਿਭਾਗ ਦੇ ਬਹੁਤ ਸਾਰੇ ਉੱਚ ਅਧਿਕਾਰੀ ਕਈ ਵਾਰ ਉਸ ਦੀ ਸ਼ਲਾਘਾ ਕਰ ਚੁੱਕੇ ਹਨ। ਲੋਕ ਉਸ ਦੀ ਲਿਖਾਈ ਵੇਖ ਕੇ ਸੱਚਮੁਚ ਆਪਣੀ ਉਂਗਲ ਦੰਦਾਂ `ਚ ਦਬਾ ਲੈਂਦੇ ਹਨ।
ਰੇਖਾ ਦੇਵੀ ਰਾਮਪੁਰਾ ਫੂਲ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ `ਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ 13 ਨਵੰਬਰ ਨੂੰ ਹੋਏ ਸੁੰਦਰ-ਲਿਖਾਈ ਦੇ ਅੰਤਰ-ਸਕੂਲ ਮੁਕਾਬਲੇ `ਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਰੇਖਾ ਦੇਵੀ ਦੇ ਪਿਤਾ ਪਰਮਜੀਤ ਰਾਮ ਮੱਝਾਂ ਦੇ ਵਪਾਰੀ ਹਨ। ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਰੇਖਾ ਦੇਵੀ ਬਾਰੇ ਸੋਸ਼ਲ ਮੀਡੀਆ `ਤੇ ਤਾਰੀਫ਼ ਦੇ ਦੋ ਸ਼ਬਦ ਲਿਖ ਚੁੱਕੇ ਹਨ।
ਰੇਖਾ ਦੇਵੀ ਨੇ ਦੱਸਿਆ ਕਿ ਉਸ ਦੀ ਈਟੀਟੀ ਅਧਿਆਪਕਾ ਸੀਮਾ ਰਾਣੀ ਨੇ ਉਸ ਨੂੰ ਸੋਹਣੀ ਲਿਖਾਈ ਲਿਖਣੀ (ਕੈਲੀਗ੍ਰਾਫ਼ੀ) ਤਦ ਸਿਖਾਈ ਸੀ, ਜਦੋਂ ਉਹ ਚੌਥੀ ਜਮਾਤ `ਚ ਸੀ। ਹੁਣ ਰੇਖਾ ਦੇਵੀ ਨੂੰ ਸੋਹਣੀ ਲਿਖਾਈ ਲਿਖ ਕੇ ਬਹੁਤ ਵਧੀਆ ਲੱਗਦਾ ਹੈ।
ਰੇਖਾ ਦੇਵੀ ਦੀ ਇੱਛਾ ਹੈ ਕਿ ਉਹ ਪੰਜਾਬ ਸਰਕਾਰ ਦੇ ਮੈਰਿਟੋਰੀਅਸ ਸਕੂਲ ਵਿੱਚ ਦਾਖ਼ਲਾ ਲਵੇ। ਉਸ ਨੂੰ ਲੱਗਦਾ ਹੈ ਕਿ ਉਸ ਨੂੰ ਉੱਥੇ ਦਾਖ਼ਲਾ ਜ਼ਰੂਰ ਮਿਲ ਜਾਵੇਗਾ। ਉਹ ਬੈਂਕਿੰਗ ਖੇਤਰ ਵਿੱਚ ਇੱਕ ਅਫ਼ਸਰ ਬਣਨਾ ਲੋਚਦੀ ਹੈ।
ਪਿਤਾ ਨੇ ਦੱਸਿਆ ਕਿ ਰੇਖਾ ਦੇਵੀ ਦੀ ਲਿਖਾਈ ਸ਼ੁਰੂ ਤੋਂ ਹੀ ਬਹੁਤ ਵਧੀਆ ਹੈ। ਉਸ ਦੇ ਅਧਿਆਪਕ ਸਦਾ ਹੀ ਉਸ ਦੇ ਇਸ ਹੁਨਰ ਦੀ ਸ਼ਲਾਘਾ ਕਰਦੇ ਰਹਿੰਦੇ ਹਨ।
ਅਧਿਆਪਕਾ ਸੀਮਾ ਰਾਣੀ ਨੇ ਦੱਸਿਆ ਕਿ ਉਹ ਅਜਿਹੇ ਵਿਦਿਆਰਥੀਆਂ ਨੂੰ ਹੀ ਅੱਗੇ ਆਉਣ ਦਾ ਮੌਕਾ ਦਿੰਦੇ ਹਨ, ਜਿਨ੍ਹਾਂ ਵਿੱਚ ਕੋਈ ਥੋੜ੍ਹਾ-ਬਹੁਤ ਹੁਨਰ ਹੁੰਦਾ ਹੈ।