ਅਗਲੀ ਕਹਾਣੀ

ਪੰਜਾਬ `ਚ 15 ਖੰਡ ਮਿੱਲਾਂ ਕਿਸਾਨਾਂ ਦੇ 738 ਕਰੋੜ ਦੀਆਂ ਦੇਣਦਾਰ

ਪੰਜਾਬ `ਚ 15 ਖੰਡ ਮਿੱਲਾਂ ਕਿਸਾਨਾਂ ਦੇ 738 ਕਰੋੜ ਦੀਆਂ ਦੇਣਦਾਰ

ਪੰਜਾਬ ਦੀਆਂ 9 ਸਹਿਕਾਰੀ ਖੰਡ ਮਿੱਲਾਂ ਤੇ ਸੂਬੇ ਦੀਆਂ ਸੱਤ `ਚੋਂ ਛੇ ਪ੍ਰਾਈਵੇਟ ਖੰਡ ਮਿੱਲਾਂ ਨੇ ਗੰਨਾ ਉਤਪਾਦਕ ਕਿਸਾਨਾਂ ਦੇ 738 ਕਰੋੜ ਰੁਪਏ ਦੇਣੇ ਹਨ। ਇਹ ਰਕਮ ਇਸ ਵਰ੍ਹੇ ਅਪ੍ਰੈਲ `ਚ ਖ਼ਤਮ ਹੋਏ ਗੰਨਾ-ਪਿੜਾਈ ਦੇ ਪਿਛਲੇ ਸੈਸ਼ਨ ਦੀ ਹੈ।


ਇਸ ਵਰ੍ਹੇ ਨਵੰਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪਿੜਾਈ ਦੇ ਸੀਜ਼ਨ ਦੌਰਾਨ ਤਾਂ ਹਾਲਾਤ ਹੋਰ ਵੀ ਖ਼ਰਾਬ ਹੋਣ ਦੀ ਸੰਭਾਵਨਾ ਹੈ ਕਿਉਂਕਿ ਖੰਡ ਮਿੱਲਾਂ ਨੇ ਇਸ ਸੀਜ਼ਨ ਲਈ ਗੰਨਾ ਉਤਪਾਦਕ ਕਿਸਾਨਾਂ ਨਾਲ ਕਿਸੇ ਸਹਿਮਤੀ-ਪੱਤਰ ਉੱਤੇ ਹਸਤਾਖਰ ਨਹੀਂ ਕੀਤੇ। ਸਿਰਫ਼ ਅਮਲੋਹ ਦੀ ਇੱਕੋ-ਇੱਕ ਪ੍ਰਾਈਵੇਟ ਮਿੱਲ ਹੈ, ਜਿਸ ਨੇ ਕਿਸਾਨਾਂ ਦਾ 100% ਭੁਗਤਾਨ ਕੀਤਾ ਹੈ। ਇਹ ਮਿੱਲ ਓਸਵਾਲ ਵੱਲੋਂ ਚਲਾਈ ਜਾ ਰਹੀ ਹੈ।


ਸੂਬਾ ਸਰਕਾਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਕਿਸਾਨਾਂ ਦੀਆਂ ਸਭ ਤੋਂ ਵੱਡੀਆਂ ਦੇਣਦਾਰ ਦੋ ਖੰਡ ਮਿੱਲਾਂ `ਚੋਂ ਬੁੱਟਰ ਸਿਵੀਆਂ ਵਾਲੀਆਂ ਮਿੱਲ ਹੈ, ਜਿਸ ਨੂੰ ਰਾਣਾ ਗਰੁੱਪ ਚਲਾਉਂਦਾ ਹੈ ਤੇ ਦੂਜੀ ਵਾਹਿਦ ਗਰੁੱਪ ਵੱਲੋਂ ਚਲਾਈ ਜਾ ਰਹੀ ਫ਼ਗਵਾੜੇ ਦੀ ਮਿੱਲ ਹੈ।


ਸਹਿਕਾਰਤਾ ਵਿਭਾਗ ਨੇ ਕਿਸਾਨਾਂ ਦੀਆਂ ਬਕਾਇਆ ਰਕਮਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।


ਫ਼ਗਵਾੜਾ ਮਿੱਲ ਦੇ ਮਾਲਿਕ ਤੇ ਪ੍ਰਾਈਵੇਟ ਮਿੱਲ ਮਾਲਕਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਵਾਹਿਦ ਨੇ ਕਿਹਾ,‘‘ਕੇਂਦਰ ਸਰਕਾਰ ਨੇ ਗੰਨੇ ਦਾ ਭਾਅ 255 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ ਪਰ ਸੂਬਾ ਸਰਕਾਰ ਨੇ ਇਹ ਕੀਮਤ 55 ਰੁਪਏ ਵੱਧ ਨਿਸ਼ਚਤ ਕਰਦਿਆਂ ਉਸ ਨੂੰ 310 ਰੁਪਏ ਫ਼ੀ ਕੁਇੰਟਲ ਕਰ ਦਿੱਤਾ ਸੀ। ਸੂਬਾ ਸਰਕਾਰ ਉਸ ਪਾੜੇ ਨੂੰ ਪੂਰਨ ਲਈ ਤਿਆਰ ਨਹੀਂ। ਸੂਬੇ ਨੇ ਹਰ ਮਹੀਨੇ ਸਿਰਫ਼ 25,000 ਕੁਇੰਟਲ ਖੰਡ ਵੇਚਣ ਦਾ ਕੋਟਾ ਤੈਅ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਖੰਡ ਦੀਆਂ ਕੀਮਤਾਂ ਘਟ ਗਈਆਂ ਹਨ, ਹੁਣ ਮਿੱਲ ਮਾਲਕ ਕੀ ਕਰਨ, ਉਨ੍ਹਾਂ ਦੇ ਨੁਕਸਾਨ ਵਧਦੇ ਜਾ ਰਹੇ ਹਨ। ਜਦੋਂ ਕਾਰੋਬਾਰ ਹੀ ਵਧੀਆ ਨਹੀਂ ਹੋ ਰਿਹਾ, ਤਦ ਅਸੀਂ ਗੰਨਾ ਕਿਵੇਂ ਖ਼ਰੀਦ ਸਕਦੇ ਹਾਂ।``


ਬਕਾਇਆ ਭੁਗਤਾਨਾਂ `ਚੋਂ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦੇ 290 ਕਰੋੜ ਰੁਪਏ (ਭਾਵ 40%) ਦੇਣੇ ਹਨ, ਜਦ ਕਿ ਪ੍ਰਾਈਵੇਟ ਮਿੱਲਾਂ 448 ਕਰੋੜ ਰੁਪਏ (60%) ਦੀਆਂ ਦੇਣਦਾਰ ਹਨ।


ਸਹਿਕਾਰੀ ਖੰਡ ਮਿੱਲਾਂ ਦਾ ਕਾਰੋਬਾਰ ਸੰਭਾਲਣ ਵਾਲੀ ਸਰਕਾਰੀ ਫ਼ੈਡਰੇਸ਼ਨ ‘ਸ਼ੂਗਰਫ਼ੈੱਡ` ਨੇ ਕਿਸਾਨਾਂ ਦੇ ਇਨ੍ਹਾਂ ਬਕਾਇਆ ਭੁਗਤਾਨਾਂ ਦਾ ਮਾਮਲਾ ਸੂਬਾ ਸਰਕਾਰ ਕੋਲ ਉਠਾਇਆ ਹੈ।


48 ਏਕੜ ਰਕਬੇ `ਚ ਗੰਨਾ ਉਗਾਉਣ ਵਾਲੇ ਪਿੰਡ ਭਾਮਾ ਦੇ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਅਦਾਇਗੀਆਂ ਦੇਰੀ ਨਾਲ ਹੋ ਰਹੀਆਂ ਹਨ। ਪਿਛਲੇ ਸੀਜ਼ਨ ਦੇ ਭੁਗਤਾਨ ਹੁਣ ਜਾ ਕੇ ਹੋਏ ਹਨ। ਹੁਣ ਪਤਾ ਨਹੀਂ, ਮੌਜੂਦਾ ਸੀਜ਼ਨ ਦੇ ਭੁਗਤਾਨ ਸਾਨੁੰ ਕਦੋਂ ਮਿਲਣਗੇ।


ਉਨ੍ਹਾਂ ਦਾਅਵਾ ਕੀਤਾ ਕਿ ਬੁੱਢੇਵਾਲ ਦੀ ਸਹਿਕਾਰੀ ਖੰਡ ਮਿੱਲ ਨੇ ਉਨ੍ਹਾਂ ਦੇ 35 ਲੱਖ ਰੁਪਏ ਦੇਣੇ ਹਨ। ਸਗੋਂ ਉਨ੍ਹਾਂ ਨੇ ਅਦਾਇਗੀ ਕਰਨ ਦੀ ਥਾਂ ਉਨ੍ਹਾਂ ਲਈ 5 ਲੱਖ ਰੁਪਏ ਦੇ ਕਰਜ਼ੇ ਦਾ ਇੰਤਜ਼ਾਮ ਕਰਵਾ ਦਿੱਤਾ, ਜਿਸ `ਤੇ ਉਨ੍ਹਾਂ ਨੂੰ 11% ਵਿਆਜ ਭਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਨੇ ਜਦੋਂ ਖੰਡ ਵੇਚਣੀ ਹੁੰਦੀ ਹੈ, ਤਾਂ ਉਹ ਆਪ ਕਦੇ ਉਧਾਰ ਨਹੀਂ ਕਰਦੀਆਂ।


ਉਨ੍ਹਾਂ ਕਿਹਾ ਕਿ ਭੁਗਤਾਨ ਸਮੇਂ ਸਿਰ ਨਾ ਮਿਲਣ ਕਾਰਨ ਹੁਣ ਗੰਨਾ ਉਗਾਉਣ ਦਾ ਕੋਈ ਫ਼ਾਇਦਾ ਨਹੀਂ ਰਿਹਾ। ਇਸੇ ਲਈ ਉਨ੍ਹਾਂ ਕਣਕ ਤੇ ਝੋਨੇ ਵੱਲ ਪਰਤਣ ਦਾ ਫ਼ੈਸਲਾ ਕੀਤਾ ਹੈ। ਇਸੇ ਲਈ ਉਨ੍ਹਾਂ ਐਤਕੀਂ 20 ਏਕੜ ਤੋਂ ਵੱਧ ਰਕਬੇ `ਚ ਝੋਨਾ ਲਾਇਆ ਹੈ।


ਭਾਰਤੀ ਕਿਸਾਨ ਯੂਨੀਅਨ ਦੇ ਇੱਕ ਧੜੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਦੇ ਸੀਜ਼ਨ ਦੌਰਾਨ ਸੂਬਾ ਸਰਕਾਰ ਦੀ ਵਿਭਿੰਨਤਾ ਯੋਜਨਾ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਮਿੱਲਾਂ ਹੁਣ ਅਗਲੇ ਸੀਜ਼ਨ ਦਾ ਗੰਨਾ ਖ਼ਰੀਦਣ ਲਈ ਕਿਸਾਨਾਂ ਨਾਲ ਕਿਸੇ ਸਮਝੌਤੇ `ਤੇ ਹਸਤਾਖਰ ਨਹੀਂ ਕਰ ਰਹੀਆਂ।


ਇਸ ਮੁੱਦੇ `ਤੇ ਸਹਿਕਾਰਤਾ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਨਾਲ ਭਾਵੇਂ ਕੋਈ ਸਮਝੌਤਾ ਨਾ ਕੀਤਾ ਗਿਆ ਹੋਵੇ ਪਰ ਫਿਰ ਵੀ ਗੰਨਾ ਸਾਡੇ ਕੋਲ ਆਵੇਗਾ ਤੇ ਅਸੀਂ ਉਸ ਨੂੰ ਪ੍ਰਕਿਰਿਆ `ਚੋਂ ਲੰਘਾਵਾਂਗੇ।


ਸਹਿਕਾਰਤਾ ਮਾਮਲਿਆਂ ਬਾਰੇ ਵਧੀਕ ਮੁੱਖ ਸਕੱਤਰ ਡੀ.ਪੀ. ਰੈੱਡੀ ਨੇ ਦੱਸਿਆ,‘‘ਅਸੀਂ ਗੰਨਾ ਸੀਜ਼ਨ 2016-17 ਦੇ ਸਾਰੇ ਭੁਗਤਾਨ ਕਰ ਦਿੱਤੇ ਹਨ। ਸਰਕਾਰ ਨੇ ਸਾਨੂੰ ਸਹਿਕਾਰੀ ਖੰਡ ਮਿੱਲਾਂ ਲਈ 180 ਕਰੋੜ ਰੁਪਏ ਦਾ ਬਜਟ ਦਿੱਤਾ ਸੀ; ਜਿਨ੍ਹਾਂ ਵਿੱਚੋਂ 90 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ ਅਤੇ ਬਾਕੀ ਦੇ 100 ਕਰੋੜ ਰੁਪਏ ਅਗਲੇ ਦੋ-ਤਿੰਨ ਮਹੀਨਿਆਂ ਦੌਰਾਨ ਪ੍ਰਵਾਨ ਹੋ ਜਾਣਗੇ।``


ਇਸ ਦੌਰਾਨ ਖੇਤੀਬਾੜੀ ਦੇ ਡਾਇਰੈਕਟਰ ਜੇ.ਐੱਸ. ਬੈਂਸ ਨੇ ਦੱਸਿਆ ਕਿ ਬਕਾਇਆ ਭੁਗਤਾਨਾਂਾ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਗੰਨੇ ਹੇਠਲੇ ਰਕਬੇ ਵਿੱਚ 10,000 ਹੈਕਟੇਅਰ ਦਾ ਵਾਧਾ ਹੋਇਆ ਹੈ ਕਿਉਂਕਿ ਪਿਛਲੇ ਸਾਲ ਇਹ ਰਕਬਾ 95,000 ਹੈਕਟੇਅਰ ਸੀ ਤੇ ਐਤਕੀਂ ਇਹ ਵਧ ਕੇ 1.05 ਲੱਖ ਹੈਕਟੇਅਰ ਹੋ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 sugar mills of Punjab owe farmers 738 crore