ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇਕ ਵੱਡਾ ਕਦਮ ਪੁੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਮੈਡੀਕਲ ਕਾਲਜਾਂ ਅੰਮਿ੍ਤਸਰ ਅਤੇ ਪਟਿਆਲਾ 'ਚ ਸਿੱਧੇ ਕੋਟੇ ਦੀਆਂ 153 ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ – ਜਿਨ੍ਹਾਂ ਵਿੱਚ 42 ਪ੍ਰੋਫੈਸਰਾਂ, 46 ਐਸੋਸ਼ੀਏਟ ਪ੍ਰੋਫੈਸਰਾਂ ਅਤੇ 65 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਸ਼ਾਮਲ ਹਨ |
ਇਹ ਅਸਾਮੀਆਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਭਰੀਆਂ ਜਾਣਗੀਆਂ | ਇਕ ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਪੰਜਾਬ ਮੈਡੀਕਲ ਐਜੂਕੇਸ਼ਨ (ਗਰੁੱਪ ਏ) ਸਰਵਿਸ ਰੁਲਜ਼, 2016 ਦੇ ਹੇਠ ਭਰਿਆ ਜਾਵੇਗਾ |
ਸਰਕਾਰੀ ਬੁਲਾਰੇ ਅਨੁਸਾਰ ਜਿਹੜੀ ਚੋਣ ਕਮੇਟੀ 22 ਅਪ੍ਰੈਲ, 2016 ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਸੀ, ਉਸ ਨੂੰ ਹੁਣ 22 ਅਪ੍ਰੈਲ, 2019 ਤੋਂ ਅਗਲੇ ਹੋਰ ਤਿੰਨ ਸਾਲ ਲਈ ਲਗਾਤਾਰ ਬਣੇ ਰਹਿਣ ਦੀ ਆਗਿਆ ਦਿੱਤੀ ਗਈ ਹੈ |
ਇਸ ਦੇ ਨਾਲ ਹੀ ਪੰਜਾਬ ਮੰਤਰੀ ਮੰਡਲ ਨੇ ਮੰਡੀਆਂ ਤੋਂ ਸਟੋਰੇਜ਼ ਵਾਲੀਆਂ ਥਾਵਾਂ 'ਤੇ ਘੱਟੋ ਤੋਂ ਘੱਟ ਦਰਾਂ 'ਤੇ ਆਨਾਜ ਦੇ ਢੋਆ-ਢੁਆਈ ਲਈ 'ਦੀ ਪੰਜਾਬ ਫੂਡ ਗ੍ਰੇਨਜ਼ ਟ੍ਰਾਂਸਪੋਰਟੇਸ਼ਨ ਨੀਤੀ 2019-20' ਨੂੰ ਸਹਿਮਤੀ ਦੇ ਦਿੱਤੀ ਹੈ ਜੋ ਵੱਖ-ਵੱਖ ਟ੍ਰਾਂਸਪੋਰਟਰਾਂ ਤੋਂ ਪ੍ਰਤੀਯੋਗੀ ਟੈਂਡਰਾਂ ਰਾਹੀਂ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਦਾ ਉਦੇਸ਼ ਅਨਾਜ ਦੇ ਖਰੀਦ ਅਮਲਾਂ ਵਿੱਚ ਅੱਗੇ ਹੋਰ ਕੁਸ਼ਲਤਾ ਅਤੇ ਪਾਰਦਰਸ਼ਿਤਾ ਲਿਆਉਣਾ ਹੈ।