ਤਸਵੀਰ: ਗੁਰਪ੍ਰੀਤ ਸਿੰਘ, ਹਿੰਦੁਸਤਾਨ ਟਾਈਮਜ਼ – ਲੁਧਿਆਣਾ
ਅੱਜ ਬੁੱਧਵਾਰ ਨੂੰ ਮੋਗਾ ’ਚ 17 ਅਤੇ ਹੁਸ਼ਿਆਰਪੁਰ 'ਚ ਇੱਕ ਭਾਵ 18 ਹੋਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ ਅਤੇ ਪੂਰੇ ਪੰਜਾਬ ਵਿੱਚ ਇਹ ਗਿਣਤੀ ਹੁਣ 1,508 ਤੱਕ ਪੁੱਜ ਗਈ ਹੈ।
ਇੰਝ ਮੋਗਾ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 55 ਹੋ ਗਈ ਹੈ।
ਅੱਜ ਮੋਗਾ ’ਚ ਪਾਜ਼ਿਟਿਵ ਪਾਏ ਗਏ ਸਾਰੇ ਵਿਅਕਤੀ ਸ਼ਰਧਾਲੂ ਹਨ, ਜੋ ਬੀਤੇ ਦਿਨੀਂ ਮਹਾਰਾਸ਼ਟਰ ’ਚ ਨਾਂਦੇੜ ਸਾਹਿਬ ਵਿਖੇ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ।
ਇਸ ਤੋਂ ਪਹਿਲਾਂ ਕੱਲ੍ਹ ਤਰਨ ਤਾਰਨ ਜ਼ਿਲ੍ਹੇ ’ਚ ਸਭ ਤੋਂ ਵੱਧ 47 ਕੋਰੋਨਾ ਮਰੀਜ਼ ਪਾਏ ਗਏ ਸਨ ਤੇ ਉਂਝ ਪੰਜਾਬ ’ਚ ਕੱਲ੍ਹ ਕੁੱਲ 235 ਕੋਰੋਨਾ–ਮਰੀਜ਼ਾਂ ਦਾ ਵਾਧਾ ਹੋਇਆ ਸੀ।
ਲੰਘੇ ਐਤਵਾਰ ਨੂੰ 22 ਸਾਲਾਂ ਦੀ ਜਿਹੜੀ ਔਰਤ ਦਾ ਅੰਮ੍ਰਿਤਸਰ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ, ਉਸ ਦੀ ਟੈਸਟ–ਰਿਪੋਰਟ ਹੁਣ ਪਾਜ਼ਿਟਿਵ ਆਈ ਹੈ। ਇੰਝ ਪੰਜਾਬ ਵਿੱਚ ਘਾਤਕ ਕਿਸਮ ਦਾ ਵਾਇਰਸ ਕੋਰੋਨਾ ਹੁਣ ਤੱਕ 26 ਮਨੁੱਖੀ ਜਾਨਾਂ ਲੈ ਚੁੱਕਾ ਹੈ।
ਤਰਨ ਤਾਰਨ ’ਚ ਕੱਲ੍ਹ ਪਾਜ਼ਿਟਿਵ ਪਾਏ ਗਏ 47 ਵਿਅਕਤੀਆਂ ਵਿੱਚੋਂ 46 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹੀ ਹਨ; ਜਿਨ੍ਹਾਂ ਵਿੱਚੋਂ 13 ਔਰਤਾਂ ਤੇ 3 ਸਾਲਾਂ ਦਾ ਇੱਕ ਬੱਚਾ ਵੀ ਸ਼ਾਮਲ ਹਨ। ਇਸ ਜ਼ਿਲ੍ਹੇ ’ਚ ਹੁਣ ਤੱਕ 87 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਉਨ੍ਹਾਂ ਵਿੱਚੋਂ 86 ਸ਼ਰਧਾਲੂ ਹੀ ਹਨ।
ਕੱਲ੍ਹ ਮੰਗਲਵਾਰ ਨੂੰ ਗੁਰਦਾਸਪੁਰ ’ਚੋਂ 42 ਹੋਰ ਮਰੀਜ਼ ਮਿਲੇ ਸਨ; ਜਿਨ੍ਹਾਂ ਵਿੱਚੋਂ 39 ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਹੀ ਹਨ। ਉਨ੍ਹਾਂ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਹੁਣ ਤੱਕ 34 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ; ਜਿਨ੍ਹਾਂ ਵਿੱਚੋਂ 33 ਸ਼ਰਧਾਲੂ ਹਨ। ਫ਼ਰੀਦਕੋਟ ’ਚ ਕੱਲ੍ਹ ਹੀ 26 ਨਵੇਂ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 22 ਜਣੇ ਸ਼਼ਰਧਾਲੂ ਹਨ। ਇੰਝ ਹੀ ਲੁਧਿਆਣਾ ’ਚ 14 ਨਵੇਂ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 9 ਜਣੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਸਨ।
ਅੰਮ੍ਰਿਤਸਰ ’ਚ ਕੱਲ੍ਹ 16 ਨਵੇਂ ਮਰੀਜ਼ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 13 ਸ਼ਰਧਾਲੂ ਹਨ। ਕਪੂਰਥਲਾ ’ਚ ਚਾਰ, ਜਲੰਧਰ ’ਚ ਪੰਜ ਨਵੇਂ ਕੋਰੋਨਾ–ਮਰੀਜ਼ ਸਾਹਮਣੇ ਆਏ ਸਨ।